ਅੰਮ੍ਰਿਤਸਰ: ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮੈਦਾਨ ਵਿੱਚ ਉੱਤਰ ਆਏ ਹਨ। ਉਨ੍ਹਾਂ ਇਸ ਬਿੱਲ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਉਨ੍ਹਾਂ ਕਿਹਾ, "ਕਿਸਾਨ ਸਾਡੀ ਪੱਗ ਹਨ, ਸਾਡਾ ਵਜੂਦ ਹਨ ਤੇ ਕੇਂਦਰ ਸਰਕਾਰ ਨੇ ਸਾਡੀ ਪੱਗ ਨੂੰ ਹੱਥ ਪਾਇਆ ਹੈ ਜਿਸ ਲਈ ਅਸੀਂ ਲੜਾਈ ਲੜਾਂਗੇ।"
ਦੱਸ ਦਈਏ ਕਿ ਬੀਤੇ ਦਿਨ ਨਵਜੋਤ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ਜਿੱਤੇਗਾ ਪੰਜਾਬ 'ਤੇ ਇੱਕ ਵੀਡੀਓ ਜਾਰੀ ਕਰਕੇ ਇਨ੍ਹਾਂ ਖੇਤੀ ਬਿੱਲਾਂ ਦੇ ਵਿਰੋਧ 'ਚ ਸਾਰੀਆਂ ਪਾਰਟੀਆਂ ਨੂੰ ਇੱਕ ਹੋਣ ਦੀ ਅਪੀਲ ਕੀਤੀ ਸੀ। ਸਿੱਧੂ ਨੇ ਕਿਹਾ ਸੀ ਕਿ ਜੇ ਕਿਸਾਨ ਨਾ ਰਿਹਾ ਤਾਂ ਲੱਭਣਾ ਕੋਈ ਵੀ ਨਹੀਂ, ਇਸ ਕਰਕੇ ਇਸ ਇਨਕਲਾਬ ਨੂੰ ਹੁਲਾਰਾ ਦੇਣ ਦੀ ਲੋੜ ਹੈ।
ਉਨ੍ਹਾਂ ਇਸ ਵੀਡੀਓ ਵਿੱਚ 23 ਸਤੰਬਰ ਨੂੰ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸਾਢੇ 11 ਵਜੇ ਧਰਨਾ ਦੇਣ ਦਾ ਐਲਾਨ ਕੀਤਾ ਸੀ।