ਚੰਡੀਗੜ੍ਹ ਡੈਸਕ :ਦੇਸ਼ ਭਰ ਵਿੱਚ ਆਜਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਹਨ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਕਈ ਜਿਲ੍ਹਿਆਂ ਵਿੱਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਰਹੀਆਂ ਹਨ। ਇਸਨੂੰ ਲੈ ਕੇ ਈਟੀਵੀ ਭਾਰਤ ਦੇ ਅੰਮ੍ਰਿਤਸਰ, ਮੋਗਾ, ਬਠਿੰਡਾ, ਫਾਜ਼ਿਲਕਾ ਅਤੇ ਲੁਧਿਆਣਾ ਤੋਂ ਪੱਤਰਕਾਰਾਂ ਨੇ ਵਿਸ਼ੇਸ਼ ਕਵਰੇਜ਼ ਕੀਤੀ ਹੈ, ਪੜ੍ਹੋ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ...
ਜੰਡਿਆਲਾ ਗੁਰੂ : ਅੰਮ੍ਰਿਤਸਰ ਦਿੱਲ੍ਹੀ ਰਾਸ਼ਟਰੀ ਰਾਜ ਮਾਰਗ ਉੱਤੇ ਸਥਿਤ ਇੱਕ ਜੰਡਿਆਲਾ ਗੁਰੂ ਟੋਲ ਪਲਾਜ਼ਾ ਵਿਖੇ 15 ਅਗਸਤ ਦੇ ਮੌਕੇ ਜਸ਼ਨ ਦੇਖਣ ਨੂੰ ਮਿਲੇ। ਵਿਸ਼ੇਸ਼ ਪ੍ਰੋਗਰਾਮ ਦੌਰਾਨ ਉਪ ਪੁਲਿਸ ਕਪਤਾਨ ਜੰਡਿਆਲਾ ਗੁਰੂ ਸੁੱਚਾ ਸਿੰਘ, ਐੱਸਐੱਚਓ ਸਬ ਇੰਸਪੈਕਟਰ ਲਵਪ੍ਰੀਤ ਸਿੰਘ, ਇੰਸਪੈਕਟਰ ਬਿਕਰਜੀਤ ਸਿੰਘ ਅਤੇ ਹੋਰ ਅਧਿਕਾਰੀ ਉਚੇਚੇ ਤੌਰ ਉੱਤੇ ਪੁੱਜੇ। ਇਸ ਦੌਰਾਨ ਹਾਜ਼ਰ ਨੌਜਵਾਨਾਂ ਵਲੋਂ ਇਸ ਖੁਸ਼ੀ ਦੇ ਮੌਕੇ ਉੱਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਟੋਲ ਸਟਾਫ ਕਰਮੀਆਂ ਅਤੇ ਹਾਜ਼ਰ ਹੋਰਨਾਂ ਲੋਕਾਂ ਨੇ ਇਸ ਖ਼ਾਸ ਦਿਨ ਨੂੰ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਡੀਐਸਪੀ ਸੁੱਚਾ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਜਵਾਨਾਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ।
ਮੋਗਾ ਵਿੱਚ ਨਸ਼ੇ ਦੇ ਖਿਲਾਫ ਰੈਲੀ : ਮੋਗਾ ਵਿੱਚ ਸਮਾਜ ਸੇਵੀ, ਧਾਰਮਿਕ ਅਤੇ ਸਿੱਖ ਜਥੇਬੰਦੀਆਂ ਤੋਂ ਇਲਾਵਾ ਸਮਾਜ ਸੇਵੀ ਐੱਨਜੀਓ ਨੇ ਅੱਜ 77ਵੀਂ ਅਜ਼ਾਦੀ ਮੌਕੇ ਕਮਾਨ ਸੰਭਾਲੀ। ਆਜ਼ਾਦੀ ਦਿਹਾੜੇ 'ਤੇ ਨਸ਼ਾ ਮੁਕਤ ਪੰਜਾਬ ਲਈ ਵੱਡੀ ਰੈਲੀ ਕੱਢੀ ਗਈ, ਜਿਸ 'ਚ ਸਿਆਸੀ, ਧਾਰਮਿਕ, ਸਿੱਖ ਗੈਂਗਸਟਰਾਂ ਤੋਂ ਇਲਾਵਾ ਸਮਾਜ ਸੇਵੀ ਐਨ.ਜੀ.ਓ ਨੇ ਹਿੱਸਾ ਲਿਆ।