ਅੰਮ੍ਰਿਤਸਰ: ਪਿਛਲੇਂ ਦਿਨੀਂ ਗਿਆਨੀ ਇਕਬਾਲ ਸਿੰਘ ਨੇ ਬਿਆਨ ਦਿੱਤਾ ਸੀ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ, ਇਸ ਬਿਆਨ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਸ ਬਿਆਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਅੱਜ ਨਾਮਧਾਰੀ ਸੰਸਥਾ ਵੱਲੋਂ ਗਿਆਨੀ ਇਕਬਾਲ ਦੇ ਹੱਕ ਵਿੱਚ ਨਿੱਤਰਦਿਆਂ ਪੱਤਰਕਾਰ ਵਾਰਤਾ ਕੀਤੀ। ਨਾਮਧਾਰੀ ਸੰਸਥਾ ਦੇ ਆਗੂ ਪ੍ਰਿਤਪਾਲ ਸਿੰਘ ਨਾਮਧਾਰੀ ਨੇ ਕਿਹਾ ਕਿ ਉਹ ਸਾਰੇ ਸਤਿਗੁਰੂ ਦਲੀਪ ਸਿੰਘ ਦੇ ਸੇਵਕ ਹਨ ਤੇ ਜੋ ਗਿਆਨੀ ਇਕਬਾਲ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹਿੰਦੂਆਂ ਦੇ ਵੰਨਸ਼ ਦੱਸਿਆ ਹੈ, ਅਸੀਂ ਸਤਿਗੁਰੂ ਦਲੀਪ ਸਿੰਘ ਦੇ ਹੁਕਮ ਅਨੁਸਾਰ ਇਕਬਾਲ ਸਿੰਘ ਦੇ ਬਿਆਨ ਦਾ ਸਮਰਥਨ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਤੇ ਜਨਮ ਸਾਥੀਆਂ ਵਿੱਚ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਇਹ ਗੱਲ ਪ੍ਰਧਾਨ ਮੰਤਰੀ ਜਾਂ ਆਰਐਸਐਸ ਨੂੰ ਖੁਸ਼ ਕਰਨ ਲਈ ਨਹੀਂ ਕਹੀ, ਜੇ ਇਹ ਗੱਲ ਹੈ ਤਾਂ ਫਿਰ ਕੀ ਦਸਮ ਪਾਤਸ਼ਾਹ ਆਰਐਸਐਸ ਦੇ ਸਨ ਜਾਂ ਫਿਰ ਦਸਮ ਗ੍ਰੰਥ ਆਰਐੱਸਐੱਸ ਨੇ ਲਿਖਿਆ ਹੈ ?
ਪ੍ਰਿਤਪਾਲ ਸਿੰਘ ਨਾਮਧਾਰੀ ਨੇ ਕਿਹਾ ਕਿ ਇਕਬਾਲ ਸਿੰਘ ਨੇ ਜੋ ਗੱਲ ਕਹੀ ਹੈ, ਉਹ ਸਾਡੇ ਧਾਰਮਿਕ ਹਵਾਲਿਆਂ ਮੁਤਾਬਿਕ ਬਿਲਕੁਲ ਦਰੁਸਤ ਹੈ। ਉਨ੍ਹਾਂ ਗੁਰਬਾਣੀ ਦੀਆਂ ਤੁਕਾਂ ਪੜ੍ਹ ਕੇ ਦੱਸਿਆ ਕਿ ਗੁਰਬਾਣੀ ਵੀ ਅਵਤਾਰਵਾਦ ਨੂੰ ਮੰਨਦੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਕ੍ਰਿਸ਼ਨ ਅਤੇ ਰਾਮ ਭਗਵਾਨ ਦੇ ਅਵਤਾਰ ਹਨ।
ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਿੱਖ ਵੱਖਰੀ ਕੌਮ ਹੈ, ਸਿੱਖ ਹਿੰਦੂ ਨਹੀਂ ਹਨ ਪਰ ਅਸੀਂ ਹਿੰਦੂਆਂ ਵਿੱਚੋਂ ਹੀ ਜਨਮ ਲਿਆ ਹੈ। ਕੀ ਸਿੱਖ ਧਰਮ ਪੂਰਾ ਧਰਮ ਭਾਵ ਸਰਵਸ੍ਰੇਸ਼ਟ ਹੈ ? ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ।