ਅੰਮ੍ਰਿਤਸਰ: ਹਰਿਮੰਦਰ ਸਾਹਿਬ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਿਆਂ ਨਮਾਜ਼ ਅਦਾ ਕੀਤੀ ਗਈ। ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਸਾਰੇ ਧਰਮ ਲੋਕਾਂ ਨੂੰ ਆਪਸ 'ਚ ਪਿਆਰ ਮੁਹੱਬਤ ਨਾਲ ਰਹਿਣ ਦਾ ਸੰਦੇਸ਼ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਤਮਾਮ ਇਨਸਾਨ ਮੁਹੱਬਤ ਨਾਲ ਬਣੇ ਹਨ ਅਤੇ ਹਰ ਆਦਮੀ ਆਪਣੇ ਧਰਮ ਪ੍ਰਤੀ ਆਜ਼ਾਦ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿੱਚ ਨਮਾਜ਼ ਅਦਾ ਕਰਨ 'ਤੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਇੰਤਜ਼ਾਮਾਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਪਵਿੱਤਰ ਥਾਂ 'ਤੇ ਨਮਾਜ਼ ਅਦਾ ਕਰਕੇ ਬਹੁਤ ਚੰਗਾ ਲੱਗਿਆ।
ਇਸ ਮੌਕੇ ਸਿੱਖ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ ਕਿ ਮੁਸਲਿਮ ਭਰਾਵਾਂ ਨੇ ਹਰਿਮੰਦਰ ਸਾਹਿਬ ਵਿੱਚ ਨਮਾਜ਼ ਅਦਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਨੇ ਚਾਰ ਦਰਵਾਜ਼ੇ ਰੱਖ ਕੇ ਸਾਰੇ ਧਰਮਾਂ ਨੂੰ ਹੀ ਇਸ ਪਵਿੱਤਰ ਥਾਂ 'ਤੇ ਸੱਦਾ ਦਿੱਤਾ ਹੈ। ਅਜਿਹੇ ਧਾਰਮਿਕ ਉਪਰਾਲੇ ਮੁਲਕ ਵਿੱਚ ਧਰਮ ਦੇ ਆਧਾਰ 'ਤੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ।