ਗੁਰਜੀਤ ਔਜਲਾ ਅਤੇ ਰਾਜ ਕੁਮਾਰ ਵੇਰਕਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ:ਬੀਤੇ ਦਿਨੀਂ ਸੰਸਦ ਵਿੱਚ ਹੋਏ ਕਥਿਤ ਪ੍ਰਦਰਸ਼ਨ ਰੂਪੀ ਹਮਲੇ ਵਿਚ ਉਥੇ ਮੌਜੂਦ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਦਿਖਾਈ ਗਈ ਦਲੇਰੀ ਨਾਲ ਕਾਂਗਰਸੀ ਗਦ ਗਦ ਨਜ਼ਰ ਆ ਰਹੇ ਹਨ ਅਤੇ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਪੁਹੰਚੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਕਾਂਗਰਸੀ ਵਰਕਰਾਂ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
'ਪ੍ਰਮਾਤਮਾ ਨੇ ਮੇਰੇ ਤੋਂ ਵੱਡਾ ਕਾਰਜ ਕਰਾਇਆ': ਇਸ ਦੌਰਾਨ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਜੋ ਉਨ੍ਹਾਂ ਦੇ ਸਵਾਗਤ ਲਈ ਇਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਾਰਲੀਮੈਂਟ 'ਤੇ ਬੀਤੇ ਦਿਨੀਂ ਹੋਏ ਕਥਿਤ ਹਮਲੇ ਦੌਰਾਨ ਪ੍ਰਮਾਤਮਾ ਨੇ ਉਨ੍ਹਾਂ ਤੋਂ ਵੱਡਾ ਕਾਰਜ ਕਰਾਇਆ ਹੈ। ਹਾਲਾਂਕਿ ਇਹ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਲਰ ਸਮੋਗ ਬੰਬ ਸੀ, ਜੋ ਕਿ ਉਨ੍ਹਾਂ ਵਲੋਂ ਸੰਸਦ ਤੋਂ ਬਾਹਰ ਸੁੱਟਿਆ ਗਿਆ ਅਤੇ ਇਸ ਘਟਨਾ ਵਿਚ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਕਲਰ ਸਮੋਕ ਬੰਬ ਸੁੱਟਿਆ ਸੀ ਸੰਸਦ ਤੋਂ ਬਾਹਰ:ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਉਹ ਸਿਰਫ ਕਲਰ ਸਮੋਕ ਬੰਬ ਹੀ ਸੀ, ਜਿਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਉਹਨਾਂ ਕਿਹਾ ਕਿ ਮੈਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਕਲਰ ਸਮੋਕ ਬੰਬ ਨੂੰ ਫੜਿਆ ਤੇ ਜੇਕਰ ਉਹ ਅਸਲ ਵਿੱਚ ਬੰਬ ਹੁੰਦਾ ਤਾਂ ਅੱਜ ਤਿਰੰਗਾ ਉਹਨਾਂ ਦੇ ਉੱਪਰ ਹੋਣਾ ਸੀ, ਪਰ ਪਰਮਾਤਮਾ ਦੀ ਬਹੁਤ ਜਿਆਦਾ ਕਿਰਪਾ ਹੈ ਕਿ ਅੱਜ ਤਿਰੰਗਾ ਉਹਨਾਂ ਦੇ ਗਲ ਵਿੱਚ ਹੈ ਅਤੇ ਸਾਰੇ ਉਹਨਾਂ ਦਾ ਸਨਮਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰਿਕ ਮੈਂਬਰਾਂ 'ਚ ਵੀ ਬਹੁਤ ਖੁਸ਼ੀ ਦੀ ਲਹਿਰ ਹੈ ਅਤੇ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਹੋਈ ਤਾਂ ਪਰਿਵਾਰ ਨੇ ਵੀ ਕਿਹਾ ਕਿ ਗੁਰਜੀਤ ਔਜਲਾ ਨੇ ਅਸਲ ਵਿੱਚ ਪਰਿਵਾਰ ਦਾ ਨਾਮ ਅੱਜ ਰੋਸ਼ਨ ਕੀਤਾ ਹੈ।
ਹਮੇਸ਼ਾ ਬਹਾਦਰੀ ਲਈ ਜਾਣੇ ਜਾਂਦੇ ਪੰਜਾਬੀ:ਇਸ ਦੌਰਾਨ ਸਾਬਕਾ ਕੈਬਨਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ, ਉੱਥੇ ਹੀ ਆਪਣੇ ਅੰਮ੍ਰਿਤਸਰ ਦਾ ਨਾਮ ਵੀ ਰੋਸ਼ਨ ਕੀਤਾ ਹੈ ਅਤੇ ਸਾਨੂੰ ਆਪਣੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ 'ਤੇ ਮਾਣ ਹੈ ਅਤੇ ਪੰਜਾਬੀ ਹਮੇਸ਼ਾ ਹੀ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ।
ਪਰਿਵਾਰ ਨੂੰ ਗੁਰਜੀਤ ਔਜਲਾ 'ਤੇ ਮਾਣ: ਉਧਰ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਆਪਣੇ ਪਿਤਾ ਨੂੰ ਲੈਣ ਪਹੁੰਚੇ ਗੁਰਜੀਤ ਸਿੰਘ ਔਜਲਾ ਦੇ ਪੁੱਤਰ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਪਿਤਾ ਨੇ ਨਾਮ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਆਪਣੇ ਪਿਤਾ ਦੇ ਨਾਲ ਨਵਾਂ ਸੰਸਦ ਭਵਨ ਦੇਖਣ ਜਾਣਾ ਸੀ, ਪਰ ਉੱਥੇ ਹਾਦਸਾ ਵਾਪਰ ਜਾਣ ਦੇ ਕਾਰਨ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਮਿਲੀ। ਉਹਨਾਂ ਕਿਹਾ ਕਿ ਜਦੋਂ ਸੰਸਦ 'ਚ ਹਮਲਾ ਹੋਇਆ ਤਾਂ ਸਾਡਾ ਪਰਿਵਾਰ ਪੂਰੇ ਤਰੀਕੇ ਨਾਲ ਡਰ ਗਿਆ ਸੀ, ਲੇਕਿਨ ਜਿਸ ਤਰ੍ਹਾਂ ਹੀ ਉਹਨਾਂ ਦੀ ਆਪਣੇ ਪਿਤਾ ਗੁਰਜੀਤ ਔਜਲਾ ਨਾਲ ਗੱਲ ਹੋਈ ਤਾਂ ਉਹਨਾਂ ਨੂੰ ਆਪਣੇ ਪਿਤਾ 'ਤੇ ਬਹੁਤ ਹੀ ਮਾਣ ਮਹਿਸੂਸ ਹੋਇਆ।