ਸਬਜ਼ੀ ਮੰਡੀ ਵਿੱਚ ਪਰਚੀ ਕੱਟਣ ਦਾ ਮਾਮਲਾ ਭੱਖਿਆ, ਗੁਰਜੀਤ ਸਿੰਘ ਔਜਲਾ ਨੇ ਮੁਸ਼ਕਿਲਾਂ ਹੱਲ ਕਰਵਾਉਣ ਦਾ ਦਿੱਤਾ ਭਰੋਸਾ ਅੰਮ੍ਰਿਤਸਰ:ਪਿਛਲੇ ਕੁੱਝ ਦਿਨਾਂ ਤੋਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿੱਚ ਪਰਚੀ ਸਿਸਟਮ ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦੇ ਸਬਜ਼ੀ ਮੰਡੀ ਦੇ ਸਬਜ਼ੀ ਵਿਕਰੇਤਾ ਅਣਮਿੱਥੇ ਸਮੇਂ ਲਈ ਹੜਤਾਲ ਉੱਪਰ ਬੈਠੇ ਹੋਏ ਹਨ। ਇਸ ਹੜਤਾਲ ਕਰਕੇ ਪੂਰੇ ਸ਼ਹਿਰ ਵਿੱਚ ਸਬਜ਼ੀ ਨੂੰ ਲੈ ਕੇ ਕਾਫ਼ੀ ਮੁਸ਼ਕਿਲਾਂ ਦੇਖਣ ਨੂੰ ਮਿਲ ਰਹੀਆਂ ਹਨ। ਦੂਜੇ ਪਾਸੇ ਹੜਤਾਲ ਉੱਤੇ ਬੈਠੇ ਸਬਜ਼ੀ ਵਿਕ੍ਰੇਤਾਵਾਂ ਦੀ ਸਾਰ ਲੈਣ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਪਹੁੰਚੇ। ਉਨ੍ਹਾਂ ਵੱਲੋਂ ਸਬਜ਼ੀ ਵਿਕ੍ਰੇਤਾਵਾਂ ਨਾਲ ਗੱਲਬਾਤ ਕਰਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਇਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
'ਪਰਚੀ ਕੱਟਣ ਬਦਲੇ ਸਹੂਲਤਾਂ ਦਿੱਤੀਆਂ ਜਾਣ':ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਦੇ ਸਮੇਂ ਵੀ ਪਰਚੀ ਸਿਸਟਮ ਸੀ। ਪਰ ਇੱਥੇ ਪੂਰੀ ਤਰੀਕੇ ਨਾਲ ਥਾਂ ਠੀਕ ਨਾ ਹੋਣ ਕਰਕੇ ਸਰਕਾਰ ਵੱਲੋਂ ਪਰਚੀ ਨਹੀਂ ਲਗਾਈ ਗਈ ਸੀ। ਪਰ ਹੁਣ ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਨ੍ਹਾਂ ਵੱਲੋਂ ਵਲਾ ਸਬਜ਼ੀ ਮੰਡੀ ਦਾ ਠੇਕਾ ਪ੍ਰਾਈਵੇਟ ਠੇਕੇਦਾਰ ਨੂੰ ਦੇ ਦਿੱਤਾ ਗਿਆ ਹੈ। ਜਿਸ ਕਰਕੇ ਰੇਹੜੀ-ਫੜ੍ਹੀ ਵਾਲਿਆਂ ਦੇ ਉਪਰ ਪਰਚੀ ਸਿਸਟਮ ਲਾਗੂ ਹੋਇਆ। ਉਧਰ ਰੇਹੜੀ ਫੜ੍ਹੀ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਕੋਲੋਂ ਪਰਚੀ ਕੱਟਣ ਹੀ ਹੈ ਤਾਂ ਸਾਡੀਆਂ ਜਰੂਰਤਾਂ ਵੀ ਪੂਰੀਆਂ ਕੀਤੀਆਂ ਜਾਣ। ਸਾਨੂੰ ਬੈਠਣ ਲਈ ਵਧੀਆ ਥਾਂ ਅਤੇ ਪੀਣ ਦੇ ਪਾਣੀ ਦਾ ਪ੍ਰਬੰਧ ਅਤੇ ਸਾਫ਼-ਸਫਾਈ ਵੀ ਕਰਵਾਈ ਜਾਵੇ ਨਹੀਂ ਤਾਂ ਅਸੀਂ ਪਰਚੀ ਨਹੀਂ ਕਟਵਾਵਾਂਗੇ।
'ਆਪ' 'ਤੇ ਸਾਧੇ ਨਿਸ਼ਾਨੇ: ਦੂਸਰੇ ਪਾਸੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ, ਉਨ੍ਹਾਂ ਦੀਆਂ ਮੰਗਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੱਕ ਰੱਖ ਦਿੱਤੀਆਂ ਗਈਆਂ ਹਨ। ਜਲਦ ਹੀ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਮੰਗਾ ਮੰਨ ਲਈਆਂ ਜਾਣਗੀਆਂ। ਉਨ੍ਹਾਂ ਨੇ ਜਲੰਧਰ ਜਿਮਨੀ ਚੋਣਾਂ ਉੱਤੇ ਬੋਲਦੇ ਹੋਏ ਕਿਹਾ ਕਿ ਜਲੰਧਰ ਦੇ ਲੋਕ ਦੇਖ ਸਕਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤਰੀਕੇ ਨਾਲ ਰਾਜ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਲੋਕ ਕਿੰਨੇ ਖੁਸ਼ਹਾਲ ਹਨ। ਉਹ ਜਲੰਧਰ ਦੀ ਸਬਜ਼ੀ ਮੰਡੀ ਵਿੱਚ ਆ ਕੇ ਦੇਖ ਸਕਦੇ ਹਨ।
ਅਰਵਿੰਦ ਕੇਜਰੀਵਾਲ ਇਮਾਨਦਾਰ ਲੀਡਰ:ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਆਪਣੇ ਘਰ ਦੇ ਵਿੱਚ ਕਰੋੜਾਂ ਦੀ ਲਾਗਤ ਦੇ ਨਾਲ ਘਰ ਬਣਾ ਰਹੇ ਹਨ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਇਮਾਨਦਾਰ ਲੀਡਰ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੀਡਰ ਪਹਿਲੀ ਵਾਰ ਦੇਖਿਆ ਹੈ ਜੋ ਆਪਣੀ ਈਮਾਨਦਾਰੀ ਦਾ ਖੁੱਦ ਹੀ ਰੌਲਾ ਪਾਉਂਦਾ ਹੋਵੇ। ਉਨ੍ਹਾਂ ਕਿਹਾ ਕਿ ਜੋ ਆਏ ਦਿਨ ਹੀ ਫਿਰ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵੱਧ ਰਹੇ ਹਨ, ਇਹ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦੀ ਕਮੀ ਦਾ ਨਤੀਜਾ ਹੈ। ਸਾਨੂੰ ਆਪਣਾ ਪਰਚਾਰ ਤੇਜ਼ ਕਰਨ ਦੀ ਜ਼ਰੂਰਤ ਹੈ ਤਾਂ ਜੋ ਹਰ ਧਰਮ ਦੇ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ।
ਇਹ ਵੀ ਪੜ੍ਹੋ:ਪੰਛੀਆਂ ਦੀ ਪਿਆਸ ਬੁਝਾਉਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕੀਤਾ ਸ਼ਲਾਘਾਯੋਗ ਉਪਰਾਲਾ, ਸ਼ਹਿਰ 'ਚ ਵੱਖ-ਵੱਖ ਥਾਵਾਂ ਉੱਤੇ ਪੰਛੀਆਂ ਲਈ ਰੱਖੇ ਭਾਂਡੇ