ਅੰਮ੍ਰਿਤਸਰ:ਬੀਤੇ ਦਿਨੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਰਾਜ ਸਭਾ ਵਿੱਚ ਮੰਗ ਚੁੱਕਣ ਤੋਂ ਬਾਅਦ ਅੰਮ੍ਰਿਤਸਰ ਤੋਂ ਲੰਡਨ ਲਈ ਫਲਾਈਟ ਸਿਰਫ 20 ਦਿਨਾਂ ਅੰਦਰ ਸ਼ੁਰੂ ਹੋ ਗਈ। ਰਾਘਵ ਚੱਢਾ ਦੇ ਇਸ ਟਵੀਟ ਉੱਤੇ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਭੜਕਦੇ ਵਿਖਾਈ ਦਿੱਤੇ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਧਿਆਨ ਨਾਲ ਇਹ ਚੀਜ਼ਾਂ ਵੱਲ ਗੌਰ ਕਰਦੇ ਹਨ ਕਿ ਪੰਜਾਬ ਦੇ ਲਈ ਕੌਣ ਕੰਮ ਕਰ ਰਿਹਾ ਹੈ।
ਰਾਘਵ ਚੱਢਾ ਨੂੰ ਵਿਖਾਇਆ ਸ਼ੀਸ਼ਾ:ਉਨ੍ਹਾਂ ਕਿਹਾ ਰਾਘਵ ਚੱਢਾ ਹੁਣ ਰਾਜ ਸਭਾ ਮੈਂਬਰ ਬਣੇ ਹਨ ਅਤੇ ਅੰਮ੍ਰਿਤਸਰ ਏਅਰਪੋਰਟ 1930 ਦੇ ਵਿੱਚ ਹੋਂਦ ਵਿੱਚ ਆਇਆ ਸੀ। ਉਨ੍ਹਾਂ ਕਿਹਾ 1960 ਵਿੱਚ ਪਹਿਲੀ ਫਲਾਈਟ ਕਾਬਲ ਦੇ ਲਈ ਸ਼ੁਰੂ ਹੋਈ ਹੈ ਅਤੇ 1977-81 ਵਿੱਚ ਅੰਤਰਰਾਸ਼ਟਰੀ ਏਅਰਪੋਰਟ ਬਣ ਕੇ ਤਿਆਰ ਹੋਇਆ। ਔਜਲਾ ਨੇ ਕਿਹਾ ਕਿ ਰਾਘਵ ਚੱਢਾ ਬੜੇ ਮਾਣ ਨਾਲ ਝੂਠ ਬੋਦਲਦਿਆਂ ਕਹਿ ਰਹੇ ਹਨ ਕਿ ਮੈਂ ਪੰਜਾਬੀਆਂ ਲਈ ਬਹੁਤ ਵੱਡੀ ਕੋਸ਼ਿਸ਼ ਕਰਕੇ ਇਹ ਫ਼ਲਾਈਟ ਚਲਾਈ। ਔਜਲਾ ਨੇ ਕਿਹਾ ਪਹਿਲੀ ਫਲਾਇਟ 1982 ਵਿੱਚ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਚਲਾਈ ਗਈ ਸੀ ਅਤੇ ਰਾਘਵ ਚੱਢਾ ਦਾ ਜਨਮ 1988 ਦਾ ਹੈ। ਉਨ੍ਹਾਂ ਕਿਹਾ ਤੁਹਾਡੇ ਜਨਮ ਤੋਂ ਪਹਿਲਾਂ ਹੀ ਫਲਾਈਟਾਂ ਲੰਦਨ ਲਈ ਜਾ ਰਹੀਆਂ ਹਨ।