ਅੰਮ੍ਰਿਤਸਰ: ਦਿੱਲੀ ਅੰਦੋਲਨ ਫਤਹਿ ਕਰਨ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਪੱਕਾ ਮੋਰਚਾ ਖੋਲ੍ਹ ਲਿਆ ਸੀ, ਜਿਸ ਤਹਿਤ ਕਿਸਾਨਾਂ ਨੇ ਰੇਲਵੇ ਲਾਇਨ ਅੰਮ੍ਰਿਤਸਰ 'ਤੇ ਪੱਕਾ ਧਰਨਾ ਲਗਾਇਆ ਹੋਇਆ ਹੈ। ਜਿਸ 'ਤੇ ਟਿੱਪਟੀ ਕਰਦਿਆ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਰੇਲਾਂ ਨੂੰ ਰੋਕੇ ਜਾਣ ਦੀ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਤੋਂ ਇਲਾਵਾਂ ਰੇਲਵੇ ਟ੍ਰੈਕ 'ਤੇ ਬੈਠੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੂੰ ਪੰਜਾਬ ਅਤੇ ਬਾਰਡਰ ਬੈਲਟ ਦੇ ਲੋਕਾਂ ਦੇ ਵਡੇਰੇ ਹਿੱਤਾਂ ਲਈ ਰੇਲਵੇ ਟਰੈਕ ਤੁਰੰਤ ਖ਼ਾਲੀ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਗੁਰਜੀਤ ਔਜਲਾ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕ ਪਹਿਲਾਂ ਹੀ ਗੰਭੀਰ ਆਰਥਿਕ ਮੰਦਹਾਲੀ ਵਿੱਚੋਂ ਨਿਕਲ ਰਹੇ ਹਨ, ਵਪਾਰੀ, ਉਦਯੋਗਪਤੀ ਅਤੇ ਮਜ਼ਦੂਰ ਹਰ ਵਰਗ ਨੂੰ ਰੇਲਾਂ ਬੰਦ ਹੋਣ ਕਾਰਨ ਆਰਥਿਕਤਾ ਦੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਦਾ ਇਹ ਤਰੀਕਾ ਜਾਇਜ਼ ਨਹੀਂ, ਸ਼ਾਂਤਮਈ ਪ੍ਰਦਰਸ਼ਨ ਕਰਨਾ ਲੋਕਤੰਤਰ ਵਿੱਚ ਹਰ ਕਿਸੇ ਦਾ ਹੱਕ ਹੈ, ਪਰ ਸੂਬੇ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਕੇ ਕੁੱਝ ਕਿਸਾਨ ਜਥੇਬੰਦੀਆਂ ਪੰਜਾਬ ਹਿਤੈਸ਼ੀ ਨਹੀਂ ਬਣ ਸਕਦੀਆਂ।
ਉਨ੍ਹਾਂ ਕਿਹਾ ਕਿਸਾਨੀ ਦਾ ਵੱਡਾ ਮੁੱਦਾ ਤਿੰਨੇ ਖੇਤੀ ਬਿੱਲ ਵਾਪਸ ਹੋ ਚੁੱਕੇ ਹਨ, ਜੇ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਨਾਲ ਕਿਸੇ ਕਿਸਾਨ ਜਥੇਬੰਦੀ ਨੂੰ ਕੁੱਝ ਮੰਗਾਂ ਨੂੰ ਲੈ ਕੇ ਕੋਈ ਵਿਵਾਦ ਹੈ ਤਾਂ ਇਸ ਲਈ ਆਮ ਲੋਕਾਂ ਨੂੰ ਤੰਗ ਕਰਨਾ ਕਿੱਥੋਂ ਤੱਕ ਜਾਇਜ਼ ਹੈ।