ਅੰਮ੍ਰਿਤਸਰ: ਪਾਕਿਸਤਾਨੀ ਡਰੋਨਾਂ ਨੇ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਕੇ ਨਸ਼ਾ ਤਸਕਰਾਂ ਦੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਡਰੋਨ ਦੀ ਹਰਕਤ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਕਰੀਬ 17.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕਰਕੇ ਦੁਸ਼ਮਣਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
ਬੀਐਸਐਫ਼ ਨੂੰ ਡਰੋਨ ਦੀ ਮਿਲੀ ਜਾਣਕਾਰੀ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਣੀਆ ਵਿੱਚ ਡਰੋਨ ਦੀ ਮੂਵਮੈਂਟ ਦੀ ਸੂਚਨਾ ਮਿਲੀ ਸੀ। ਇਸ ਦੇ ਆਧਾਰ 'ਤੇ ਪੰਜਾਬ ਪੁਲਿਸ ਦੀ ਮਦਦ ਨਾਲ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਬੀਐਸਐਫ ਜਵਾਨਾਂ ਨੂੰ ਪਲਾਸਟਿਕ ਦੇ ਪੈਕਟ ਵਿੱਚੋਂ 5 ਛੋਟੀਆਂ ਬੋਤਲਾਂ ਬਰਾਮਦ ਹੋਈਆਂ, ਜਿਸ ਵਿੱਚ 2.630 ਕਿਲੋ ਹੈਰੋਇਨ ਭਰੀ ਹੋਈ ਸੀ।
ਬੀਐਸਐਫ ਨੇ ਟਵੀਟ ਕਰ ਦਿੱਤੀ ਜਾਣਕਾਰੀ: ਇਸ ਖੇਪ ਨੂੰ ਬੀਐਸਐਫ ਅਧਿਕਾਰੀਆਂ ਨੇ ਸੀਲ ਕਰ ਦਿੱਤਾ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ 17.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਿਸ ਸਬੰਧੀ ਬੀਐਸਐਫ ਪੰਜਾਬ ਦੇ ਸੋਸ਼ਲ ਮੀਡੀਆ ਤੋਂ ਪੋਸਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਖੂਫ਼ੀਆ ਜਾਣਕਾਰੀ ਦੇ ਚੱਲਦੇ ਬੀਐਸਐਫ਼ ਦੇ ਜਵਾਨਾਂ ਵਲੋਂ ਅੰਮ੍ਰਿਤਸਰ ਦੇ ਪਿੰਡ ਰਾਣੀਆ 'ਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਸ਼ੱਕੀ ਹੈਰੋਇਨ ਨਾਲ ਭਰੀਆਂ 5 ਪਲਾਸਟਿਕ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।
ਗੁਰਦਾਸਪੁਰ 'ਚ ਮਿਲੀ ਸੀ ਮਿੱਟੀ 'ਚ ਦੱਬੀ ਖੇਪ : ਬੀਐੱਸਐੱਫ ਦੇ ਜਵਾਨਾਂ ਨੇ 2 ਦਿਨਾਂ 'ਚ ਇਹ ਦੂਜੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਗੁਰਦਾਸਪੁਰ ਸਰਹੱਦ 'ਤੇ ਪੈਂਦੇ ਪਿੰਡ ਕਮਾਲਪੁਰਾ ਵਿੱਚ ਵੀ ਤਲਾਸ਼ੀ ਦੌਰਾਨ ਬੀਐਸਐਫ ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਵਿੱਚ ਦੱਬੀ ਖੇਪ ਬਰਾਮਦ ਕੀਤੀ ਹੈ। ਇਸ ਨੂੰ ਇੱਕ ਬੈਟਰੀ ਵਿੱਚ ਛੁਪਾ ਕੇ ਜ਼ਮੀਨ ਵਿੱਚ ਦੱਬਿਆ ਹੋਇਆ ਸੀ, ਜਿਸ ਵਿੱਚ 6 ਪੈਕੇਟ ਹੈਰੋਇਨ ਅਤੇ ਇੱਕ ਛੋਟਾ 70 ਗ੍ਰਾਮ ਅਫੀਮ ਦਾ ਪੈਕੇਟ ਮਿਲਿਆ ਹੈ।