ਅੰਮ੍ਰਿਤਸਰ: ਕਿਹਾ ਜਾਂਦਾ ਹੈ ਕਿ ਮਨ ਵਿੱਚ ਜਜ਼ਬਾ ਤੇ ਉਤਸ਼ਾਹ ਹੋਵੇ ਤਾਂ ਕਿਸੇ ਵੀ ਉਮਰ ਵਿੱਚ ਕੰਮ ਕਰਨਾ ਮੁਸ਼ਕਿਲ ਨਹੀਂ ਹੁੰਦਾ ਹੈ। ਅਜਿਹੀ ਹੀ ਕਹਾਣੀ ਸ਼ਹਿਰ ਵਿੱਚ ਰਹਿ ਰਹੇ ਇੱਕ ਬਜ਼ੁਰਗ ਮੋਹਨ ਸਿੰਘ ਦੀ ਹੈ ਜਿਸ ਦੀ ਉਮਰ 85 ਸਾਲ ਹੈ ਪਰ ਫਿਰ ਵੀ ਵਿਹਲਾ ਨਹੀਂ ਬੈਠਦਾ ਤੇ ਐਨਕਾਂ ਠੀਕ ਕਰਨ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਨਕਲੀ ਬੀਜਾਂ ਅਤੇ ਖ਼ਾਦਾਂ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ
ਇਸ ਬਾਰੇ ਬਜ਼ੁਰਗ ਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਪੈਸੇ ਕਮਾਉਣ ਲਈ ਨਹੀਂ ਸਗੋਂ ਸਮਾਂ ਬਿਤਾਉਣ ਲਈ ਇਹ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਕੰਮ ਕਰਨ ਨਾਲ ਉਸ ਦਾ ਮਨ ਲੱਗਿਆ ਰਹਿੰਦਾ ਹੈ ਤੇ ਉਹ ਘਰ ਵਿੱਚ ਵਿਹਲਾ ਨਹੀਂ ਬੈਠ ਸਕਦਾ। ਬਜ਼ੁਰਗ ਦਾ ਕਹਿਣਾ ਹੈ ਕਿ ਅੱਜ ਦਾ ਨੌਜਵਾਨ ਬੇਰੁਜ਼ਗਾਰ ਹੋਣ ਕਰਕੇ ਬੁਰੀ ਸੰਗਤ ਵਿੱਚ ਪੈ ਕੇ ਨਸ਼ੇ ਦਾ ਆਦੀ ਹੋ ਰਿਹਾ ਹੈ, ਜੋ ਕਿ ਨਵੀਂ ਪੀੜ੍ਹੀ ਲਈ ਬਹੁਤ ਨੁਕਸਾਨਦਾਇਕ ਹੈ।
ਦੱਸ ਦਈਏ, ਮੋਹਨ ਸਿੰਘ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਭਾਰਤ ਆਇਆ ਸੀ ਤੇ ਬਾਅਦ ਵਿੱਚ ਅਮ੍ਰਿਤਸਰ ਦਾ ਪੱਕਾ ਵਾਸੀ ਬਣ ਗਿਆ ਸੀ। ਉਸ ਵੇਲੇ ਮੋਹਨ ਸਿੰਘ ਦੀ ਉਮਰ ਮਹਿਜ਼ 17 ਸਾਲ ਸੀ ਤੇ ਉਹ ਪਾਕਿਸਤਾਨ ਵਿੱਚ ਐਨਕਾਂ ਠੀਕ ਕਰਨ ਦਾ ਕੰਮ ਕਰਦਾ ਸੀ ਤੇ ਭਾਰਤ ਆ ਕੇ ਵੀ ਉਸ ਨੇ ਆਪਣੇ ਇਸ ਪੇਸ਼ੇ ਨੂੰ ਬਰਕਰਾਰ ਰੱਖਿਆ।