ਅੰਮ੍ਰਿਤਸਰ:ਕਸਬਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਬਾਜ਼ਾਰ ਵਿੱਚ ਮੋਟਰਸਾਇਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਬੱਚੇ ਕੋਲੋਂ ਮੋਬਾਇਲ ਫੋਨ ਖੋਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਹ ਮਾਮਲਾ ਉਸ ਵਕਤ ਹੋਰ ਵੀ ਹੈਰਾਨੀਜਨਕ ਹੋ ਗਿਆ, ਜਦੋ ਇਸ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਇੰਨ੍ਹਾਂ ਨੌਜਵਾਨਾਂ ਵਿੱਚ ਹੀ ਇੱਕ ਪੁਲਿਸ ਦਾ ਵਰਦੀਧਾਰੀ ਮੁਲਾਜ਼ਮ ਵੀ ਸੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਬਿਆਸ ਮੁੱਖੀ ਇੰਸਪੈਕਟਰ ਹਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸ਼ਿਕਾਇਤਕਰਤਾ ਬਲਜੀਤ ਕੌਰ ਪਤਨੀ ਮਿਲਖਾ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਉਹ ਬਾਬਾ ਬਕਾਲਾ ਸਾਹਿਬ ਬਾਜ਼ਾਰ ਵਿੱਚ ਫੜੀ ਲਗਾ ਕੇ ਕੱਪੜੇ ਵੇਚਦੀ ਹੈ ਅਤੇ ਬੀਤੇ ਕੱਲ੍ਹ ਦੁਪਹਿਰ ਸਮੇਂ ਉਹ ਅਤੇ ਉਸਦਾ ਕਰੀਬ 12 ਸਾਲ ਦਾ ਲੜਕਾ ਫੜੀ ‘ਤੇ ਬੈਠੈ ਸਨ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ, ਜਿੰਨ੍ਹਾਂ ਵਿੱਚੋਂ ਇੱਕ ਨੇ ਪੁਲਿਸ ਦੀ ਵਰਦੀ ਪਾਈ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਕੋਲ ਦਾਤਰ ਵੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰੇ ਦਾਤਰ ਦਿਖਾ ਕੇ ਮੋਬਾਇਲ ਖੋਹ ਕੇ ਫਰਾਰ ਹੋ ਗਏ।
ਐਸਐਚਓ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਅਧਾਰ ‘ਤੇ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਮੁਲਜ਼ਮ ਗੁਲਸ਼ੇਰ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ ਵਡਾਲੀ ਡੋਗਰਾਂ, ਮੁਲਜ਼ਮ ਹਰਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਫੇਰੂਮਾਨ ਅਤੇ ਮੁਲਜ਼ਮ ਦਰਸ਼ਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਟਾਂਗਰਾ ਖਿਲਾਫ਼ ਮੁਦਕਮਾ ਦਰਜ ਕਰ ਲਿਆ ਹੈ।