ਅੰਮ੍ਰਿਤਸਰ: ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਅਭਿਆਨ ਦੌਰਾਨ ਬੈਰਕ ਵਿਚੋਂ 4 ਮੋਬਾਈਲ ਫੋਨ, 83 ਬੀੜੀਆਂ ਦੇ ਬੰਡਲ ਅਤੇ ਦੋ ਪੈਕੇਟ ਸਿਗਰਟ ਦੇ ਬਰਾਮਦ ਹੋਏ ਹਨ। ਇਸ ਮਾਮਲੇ ਸਬੰਧੀ ਪੁਲਿਸ ਨੇ ਤਿੰਨ ਕੈਦੀਆਂ ਉਤੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਕੈਦੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਕੈਦੀਆਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਦੱਸਣਯੋਗ ਹੈ ਕਿ ਅਜਿਹੇ ਕਈ ਮਾਮਲੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ ਵਿਚ ਆ ਚੁਕੇ ਹਨ। ਕੁਝ ਸਮਾਂ ਪਹਿਲਾਂ ਹੀ ਫ਼ਰੀਦਕੋਟ ਦੇ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ 10 ਮੋਬਾਇਲ ਬਰਾਮਦ ਕੀਤੇ ਸੀ। ਤਲਾਸ਼ੀ ਦੌਰਾਨ 5 ਸਿਮ, ਬੈਟਰੀ, ਡਾਟਾ ਕੇਬਲ, ਹੀਟਰ ਸਪਰਿੰਗ, ਬੀੜੀ ਸਿਗਰਟ ਅਤੇ ਕੁਝ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਸੀ। ਪਰ ਊਨਾ ਮਾਮਲਿਆਂ 'ਤੇ ਕੀ ਕਾਰਵਾਈ ਹੋਈ ਇਹ ਅਜੇ ਸਵਾਲ ਬਾਕੀ ਹੈ।
ਪਹਿਲਾਂ ਵੀ ਮਿਲੇ ਫੋਨ: ਜੇਲ੍ਹ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਵਿੱਚ ਪ੍ਰਸ਼ਾਸਨ ਵੱਲੋਂ ਹਵਾਲਾਤੀਆਂ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੈਰਕਾਂ ਵਿੱਚੋਂ 4 ਮੋਬਾਇਲ ਫੋਨ, 5 ਸਿਮ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਜਦਕਿ ਜੇਲ੍ਹ ਦੀ ਬਾਹਰਲੀ ਕੰਧ ਵਿੱਚੋਂ ਸੁੱਟੇ ਗਏ ਪੈਕਟਾਂ ਵਿੱਚੋਂ 6 ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ।