ਪੰਜਾਬ

punjab

ETV Bharat / state

ਮਣੀਪੁਰ ਹਿੰਸਾ ਦੇ ਵਿਰੋਧ 'ਚ ਪੰਜਾਬ ਬੰਦ ਦਾ ਰਲਵਾਂ-ਮਿਲਵਾਂ ਅਸਰ, ਕਈ ਜ਼ਿਲ੍ਹਿਆਂ 'ਚ ਬੰਦ ਦਾ ਸਮਰਥਨ

ਮਣੀਪੁਰ ਵਿੱਚ ਔਰਤਾਂ ਦੀ ਨਗਨ ਪਰੇਡ ਅਤੇ ਲਗਾਤਾਰ ਚੱਲ ਰਹੀ ਹਿੰਸਾ ਦੇ ਵਿਰੋਧ ਵਿੱਚ ਅੱਜ ਪੰਜਾਬ ਅੰਦਰ ਤਮਾਮ ਭਾਈਚਾਰਿਆਂ ਅਤੇ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ। ਇਸ ਬੰਦ ਦਾ ਅਸਰ ਜਲੰਧਰ,ਅੰਮ੍ਰਿਤਸਰ ਅਤੇ ਬਰਨਾਲਾ ਵਿੱਚ ਵੇਖਣ ਨੂੰ ਮਿਲਿਆ ਹੈ ।ਕਈ ਜ਼ਿਲ੍ਹਿਆਂ ਵਿੱਚ ਬੰਦ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ।

Manipur violence has a mixed effect across Punjab
ਮਣੀਪੁਰ ਹਿੰਸਾ ਦੇ ਵਿਰੋਧ 'ਚ ਪੰਜਾਬ ਬੰਦ ਦਾ ਰਲਵਾਂ-ਮਿਲਵਾਂ ਅਸਰ, ਕਈ ਜ਼ਿਲ੍ਹਿਆਂ 'ਚ ਬੰਦ ਦਾ ਸਮਰਥਨ

By

Published : Aug 9, 2023, 2:20 PM IST

Updated : Aug 9, 2023, 5:16 PM IST

ਕਈ ਜ਼ਿਲ੍ਹਿਆਂ 'ਚ ਬੰਦ ਦਾ ਸਮਰਥਨ

ਅੰਮ੍ਰਿਤਸਰ,ਬਰਨਾਲਾ:ਮਣੀਪੁਰ ਵਿੱਚ ਹਿੰਸਾ ਦੌਰਾਨ ਔਰਤਾਂ ਦੀ ਨਗਨ ਪਰੇਡ ਨੂੰ ਸਾਹਮਣੇ ਆਈ ਵੀਡੀਓ ਨੂੰ ਲੈ ਕੇ ਅੱਜ ਪੂਰਾ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ। ਜਿਸ ਦਾ ਅਸਰ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਵਿੱਚ ਵੱਖ-ਵੱਖ ਧਰਮਾਂ ਦੇ ਸੰਗਠਨਾਂ ਵੱਲੋਂ ਬਾਜ਼ਾਰ ਬੰਦ ਕਰਵਾਏ ਜਾ ਰਹੇ ਹਨ ਅਤੇ ਦੂਸਰੇ ਪਾਸੇ ਅੰਮ੍ਰਿਤਸਰ ਦਾ ਹਾਲ ਬਜ਼ਾਰ ਪੂਰੀ ਤਰੀਕੇ ਨਾਲ ਬੰਦ ਨਜ਼ਰ ਆ ਰਿਹਾ ਹੈ। ਹਾਲ ਬਾਜ਼ਾਰ ਅੰਦਰ ਸਾਰੀਆਂ ਦੁਕਾਨਾਂ ਲਗਭਗ ਬੰਦ ਹੀ ਦਿਖਾਈ ਦਿੱਤੀਆਂ।

ਪੰਜਾਬ ਬੰਦ ਦਾ ਰਲਵਾਂ-ਮਿਲਵਾਂ ਅਸਰ

ਬੰਦ ਦਾ ਸਮਰਥਨ: ਇਸ ਬਾਰੇ ਬੋਲਦੇ ਹੋਏ ਮਸੀਹ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਮਣੀਪੁਰ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਅੰਮ੍ਰਿਤਸਰ ਵਿੱਚ ਬੰਦ ਦਾ ਉਹਨਾਂ ਵੱਲੋਂ ਸਮਰਥਨ ਕੀਤਾ ਗਿਆ ਅਤੇ ਹੁਣ ਇਲਾਕੇ ਵਿੱਚ ਉਨ੍ਹਾਂ ਵੱਲੋਂ ਜਾਕੇ ਦੁਕਾਨਾਂ ਵੀ ਬੰਦ ਕਰਵਾਇਆ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਜਲਦ ਕਾਰਵਾਈ ਦੋਸ਼ੀਆਂ ਉੱਤੇ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਤਿੱਖਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਸਿਰਫ ਬਜ਼ਾਰ ਬੰਦ ਕਰਨ ਦੀ ਹੀ ਗੱਲ ਕਹੀ ਗਈ ਸੀ ਅਤੇ ਇਸ ਦੌਰਾਨ ਆਵਾਜਾਈ ਪੂਰੀ ਤਰੀਕੇ ਨਾਲ ਚੱਲ ਰਹੀ ਹੈ ਅਤੇ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ।


ਬਰਨਾਲਾ ਵਿੱਚ ਵੇਖਣ ਨੂੰ ਮਿਲਿਆ ਅਸਰ:ਜ਼ਿਲ੍ਹਾ ਬਰਨਾਲਾ ਵਿੱਚ ਵੀ ਇਸ ਨਗਨ ਪਰੇਡ ਦੋ ਵਿਰੋਧ ਨੂੰ ਵੇਖਦਿਆਂ ਹੋਇਆਂ ਬੰਦ ਦੀ ਕਾਲ ਦਾ ਸਮਰਥਨ ਦਿੱਤਾ ਗਿਆ। ਬੰਦ ਦੇ ਹੱਕ ਵਿੱਚ ਅੱਜ ਇਸਾਈ ਭਾਈਚਾਰਾ, ਬਾਲਮਿਕੀ ਸਮਾਜ ਭਾਈਚਾਰਾ, ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਕਈ ਜਥੇਬੰਦੀਆਂ ਵੱਲੋਂ ਬਰਨਾਲਾ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਸੀ। ਸਵੇਰੇ ਕਰੀਬ ਗਿਆਰਾਂ ਵਜੇ ਵੱਡੀ ਸੰਖਿਆ ਦੇ ਵਿੱਚ ਲੋਕ ਰੇਲਵੇ ਸਟੇਸ਼ਨ ਵਿੱਚ ਇਕੱਠੇ ਹੋਏ। ਉਨ੍ਹਾਂ ਨੇ ਸ਼ਹਿਰ ਵਿੱਚ ਵੱਡਾ ਰੋਸ ਮਾਰਚ ਕੀਤਾ ।

ਰੋਸ ਮਾਰਚ: ਇਸ ਮੌਕੇ ਉੱਤੇ ਉਹਨਾਂ ਨੇ ਲੋਕਾਂ ਨੂੰ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ। ਸਵੇਰ ਦੇ ਸਮੇਂ ਤੋਂ ਹੀ ਬਾਜ਼ਾਰ ਆਮ ਦਿਨਾਂ ਦੀ ਤਰ੍ਹਾਂ ਨਹੀਂ ਖੁੱਲੇ। ਕੁੱਝ ਦੁਕਾਨਾਂ ਨੂੰ ਛੱਡ ਕੇ ਬਾਜਾਰ ਬੰਦ ਰਿਹਾ। ਸਿਰਫ ਮੈਡੀਕਲ ਸੇਵਾ ਅਤੇ ਪੈਟਰੋਲ ਪੰਪ ਅਤੇ ਰੇਲ ਮਾਰਗ ਖੁੱਲ੍ਹੇ ਰਹੇ। ਸੰਬੋਧਨ ਕਰਦਿਆਂ ਹੋਇਆ ਵਾਲਮੀਕੀ ਭਾਈਚਾਰੇ ਦੇ ਆਗੂ ਰਮੇਸ਼ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮਣੀਪੁਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਨਾਲ ਪੂਰੀ ਦੁਨੀਆਂ ਦੇ ਵਿੱਚ ਦੇਸ਼ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ ਪਰ ਕੇਂਦਰ ਸਰਕਾਰ ਇਸ ਉੱਪਰ ਕੋਈ ਸਖ਼ਤ ਐਕਸ਼ਨ ਨਹੀਂ ਲੈ ਰਹੀ ਹੈ।

ਕੇਂਦਰ ਖ਼ਿਲਾਫ਼ ਰੋਸ: ਲਗਾਤਾਰ ਮਣੀਪੁਰ ਵਿੱਚ ਹਿੰਸਾ ਜਾਰੀ ਹੈ। ਲੋਕਾਂ ਨੂੰ ਬਚਾਉਣ ਲਈ ਪੂਰੇ ਦੇਸ਼ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਇਹ ਪ੍ਰਦਰਸ਼ਨ ਪੂਰਾ ਦਿਨ ਚਲੇਗਾ ਅਤੇ ਜੇਕਰ ਫਿਰ ਵੀ ਸਰਕਾਰ ਦੀ ਨੀਂਦ ਨਾ ਖੁੱਲ੍ਹੀ ਤਾਂ ਉਹ ਹੋਰ ਵੱਡਾ ਐਕਸ਼ਨ ਕਰਨਗੇ। ਇਸ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਲੋਕਾਂ ਨੂੰ ਅਪੀਲ ਕੀਤੀ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਰੋਸ ਪ੍ਰਦਰਸ਼ਨ ਕੀਤਾ ਜਾਵੇ।

ਜੰਡਿਆਲਾ ਗੁਰੂ: ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਾਜ਼ਾਰ ਬੰਦ ਕਰਵਾਏ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਬਾਜ਼ਾਰ ਬੰਦ ਰੱਖਣ ਦੀ ਅਪੀਲ ਕਰਦਿਆਂ ਸ਼ਟਰ ਹੇਠਾਂ ਕਰਵਾ ਦਿੱਤੇ ਗਏ ਅਤੇ ਕਿਸੇ ਤਰ੍ਹਾਂ ਦੇ ਵਿਵਾਦ ਤੋਂ ਫਿਲਹਾਲ ਬਚਾਅ ਦੀ ਖਬਰ ਹੈ। ਜਿਕਰਯੋਗ ਹੈ ਕਿ ਇਸ ਦੌਰਾਨ ਵੱਡੀ ਗਿਣਤੀ ਵਿੱਚ ਕ੍ਰਿਸ਼ਚਨ ਭਾਈਚਾਰੇ ਅਤੇ ਭਗਵਾਨ ਵਾਲਮੀਕਿ ਸੰਘਰਸ਼ ਦਲ ਵੱਲੋਂ ਜੰਡਿਆਲਾ ਗੁਰੂ ਵਿਖੇ ਬਜਾਰ ਅਤੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ। ਇਸ ਦੌਰਾਨ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਐੱਸਪੀ ਅੰਮ੍ਰਿਤਸਰ ਜਸਵੰਤ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਮੌਜੂਦ ਰਹੇ ਤਾਂ ਕਿ ਬਜ਼ਾਰ ਬੰਦ ਕਰਨ ਦੇ ਮਾਮਲੇ ਨੂੰ ਲੈਅ ਕੇ ਕਿਸੇ ਤਰ੍ਹਾਂ ਦਾ ਕੋਈ ਹਿੰਸਕ ਪ੍ਰਦਰਸ਼ਨ ਨਾ ਹੋਵੇ।

ਗੁਰਦਾਸਪੁਰ: ਜ਼ਿਲ੍ਹਾ ਵਿੱਚ ਇਸ ਪੰਜਾਬ ਦੇ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਗੁਰਦਾਸਪੁਰ ਦੇ ਵਿੱਚ ਜ਼ਿਆਦਾਤਰ ਦੁਕਾਨਾਂ ਖੁੱਲੀਆਂ ਹੀ ਨਜ਼ਰ ਆਈਆਂ। ਈਸਾਈ ਭਾਈਚਾਰੇ ਦੇ ਆਗੂਆਂ ਨੇ ਬਾਜ਼ਾਰਾਂ ਵਿੱਚ ਨਿੱਕਲ ਕੇ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਣੀਪੁਰ ਵਿੱਚ ਦਲਿਤ ਔਰਤਾਂ ਉੱਤੇ ਅੱਤਿਆਚਾਰ ਹੋ ਰਹੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਇਹ ਸ਼ਰਮਨਾਕ ਹੈ ਕਿ ਸਰਕਾਰ ਦੀ ਨਾਕਾਮੀ ਤੋਂ ਬਾਅਦ ਸੁਪਰੀਮ ਕੋਰਟ ਨੂੰ ਖੁਦ ਨੋਟਿਸ ਲੈਣਾ ਪਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਸਮਾਂ ਰਹਿੰਦੇ ਇਸ ਮਾਮਲੇ ਵਿੱਚ ਦਖਲ ਲਿਆ ਹੁੰਦਾ ਤਾਂ ਮਣੀਪੁਰ ਵਿੱਚ ਅਜਿਹੇ ਹਾਲਾਤ ਨਹੀਂ ਸੀ ਬਣਨੇ।


ਮੋਗਾ 'ਚ ਵੀ ਪ੍ਰਦਰਸ਼ਨ: ਸਿੱਖ, ਈਸਾਈ,ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਵੀ ਮੋਗਾ ਦੇ ਬਾਜ਼ਾਰਾਂ ਵਿੱਚ ਬੰਦ ਦੀ ਕਾਲ ਨੂੰ ਕਾਇਮ ਰੱਖਦਿਆਂ ਕੇਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਦਾ ਕਹਿਣਾ ਹੈ ਕਿ ਮਨੀਪੁਰ ਵਿੱਚ ਦਲਿਤ ਔਰਤਾਂ ਉੱਤੇ ਅੱਤਿਆਚਾਰ ਹੋ ਰਹੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਮਣੀਪੁਰ ਸਰਕਾਰ ਨੂੰ ਜਲਦ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਰਾਜ ਵਿੱਚ ਔਰਤਾਂ ਦੇ ਨਾਲ ਜੁਰਮ ਹੋ ਰਹੇ ਹਨ। ਇਸ ਨੂੰ ਸਰਕਾਰ ਨੂੰ ਕੇਂਦਰ ਵਿੱਚ ਰਹਿਣ ਦਾ ਵੀ ਕੋਈ ਅਧਿਕਾਰ ਨਹੀਂ।

ਪੁਲਿਸ ਦਾ ਬਠਿੰਡਾ 'ਚ ਰਿਹਾ ਪਹਿਰਾ: ਇਸ ਮੌਕੇ ਬਠਿੰਡਾ ਵਿੱਚ ਵੀ ਮਣੀਪੁਰ ਦੀ ਘਟਨਾ ਨੂੰ ਲੈਕੇ ਪ੍ਰਦਰਸ਼ਨ ਕੀਤਾ ਗਿਆ। ਅਣਸੁਖਾਵੀਂ ਘਟਨਾ ਨਾ ਹੋਵੇ ਇਸ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਨੇ 1200 ਤੋਂ ਵੱਧ ਮੁਲਾਜ਼ਮ ਡਿਊਟੀਆਂ ਲਗਾਈਆਂ। ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਅਤੇ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

ਕਪੂਰਥਲਾ 'ਚ ਬੰਦ ਦਾ ਅਸਰ: ਮਣੀਪੁਰ ਦੀ ਘਟਨਾ ਦੇ ਵਿਰੋਧ ਵਿੱਚ ਕਪੂਰਥਲਾ ਅੰਦਰ ਵੀ ਪ੍ਰਦਰਸ਼ਨ ਹੋਇਆ। ਇਸ ਦੌਰਾਨ ਦੁਕਾਨਦਾਰਾਂ ਅਤੇ ਸਕੂਲ ਬੰਦ ਕਰਵਾਉਣ ਆਏ ਪ੍ਰਦਰਸ਼ਨਕਾਰੀਆਂ ਦਰਮਿਆਨ ਥੋੜ੍ਹੀ ਦੇਰ ਲਈ ਹੋਈ ਗਹਿਮਾ-ਗਹਮੀ ਕਾਰਣ ਮਾਹੌਲ ਤਣਾਅਪੂਰਣ ਹੋ ਗਿਆ ਪਰ ਬਾਅਦ ਵਿੱਚ ਸਹਿਮਤੀ ਬਣ ਗਈ ਅਤੇ ਸਭ ਲੋਕਾਂ ਨੇ ਇਨਸਾਨੀਅਤ ਦੇ ਨਾਮ ਉੱਤੇ ਬੰਦ ਦਾ ਸਮਰਥਨ ਕੀਤਾ।

Last Updated : Aug 9, 2023, 5:16 PM IST

ABOUT THE AUTHOR

...view details