ਪਰਿਵਾਰ ਤੇ ਪੁਲਿਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ: ਪੰਜਾਬ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਬੇਸ਼ੱਕ ਸਰਕਾਰ ਤੇ ਪੰਜਾਬ ਪੁਲਿਸ ਕਰਦੀ ਰਹੇ ਪਰ ਆਏ ਦਿਨ ਹੁੰਦੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਿ ਰਹੀਆਂ ਹਨ। ਬਦਮਾਸ਼ਾਂ ਦੇ ਹੌਂਸਲੇ ਇਸ ਕਦਰ ਵੱਧ ਚੁੱਕੇ ਹਨ ਕਿ ਹੁਣ ਦਿਨ ਦਿਹਾੜੇ ਬੇਖੌਫ਼ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸਠਿਆਲਾ ਤੋਂ ਸਾਹਮਣੇ ਆਇਆ। ਜਿਥੇ ਸਠਿਆਲਾ 'ਚ ਸ਼ਨੀਵਾਰ ਸਵੇਰੇ ਇਕ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਘਰ 'ਚ ਦਾਖ਼ਲ ਹੋ ਕੇ ਬਦਮਾਸ਼ਾਂ ਨੇ ਮਾਰੀਆਂ ਗੋਲੀਆਂ:ਦੱਸਿਆ ਜਾ ਰਿਹਾ ਕਿ ਬਦਮਾਸ਼ਾਂ ਵਲੋਂ ਘਰ 'ਚ ਦਾਖ਼ਲ ਹੋ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਿਸ 'ਚ ਮਹਿਲਾ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਤੋਂ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਔਰਤ ਦੀ ਪਛਾਣ ਪਰਮਜੀਤ ਕੌਰ ਪਤਨੀ ਅਮਰਜੀਤ ਸਠਿਆਲਾ ਵਜੋਂ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਲਾਕਾ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਔਰਤ ਨੂੰ ਤੁਰੰਤ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਕੁਝ ਸਮੇਂ ਬਾਅਦ ਪਰਮਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ।
ਧੀ ਲਈ ਰਿਸ਼ਤਾ ਲੈਕੇ ਆਇਆ ਨੇ ਕੀਤਾ ਕਤਲ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕਾ ਦੇ ਪਤੀ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਪਿੰਡ ਦੀਆਂ ਕੁੱਝ ਔਰਤਾਂ ਸਾਡੇ ਘਰ ਸਾਡੀ ਬੇਟੀ ਦਾ ਰਿਸ਼ਤਾ ਮੰਗਣ ਲਈ ਆਈਆਂ ਸਨ। ਇਹ ਲੋਕ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਉਰਫ਼ ਗੋਰੇ ਦੇ ਲਈ ਸਾਡੀ ਬੇਟੀ ਦਾ ਰਿਸ਼ਤਾ ਮੰਗ ਰਹੇ ਸਨ, ਜੋ ਕਿ ਸਾਡੇ ਹੀ ਪਿੰਡ ਦੇ ਸਨ ਤੇ ਮੇਰੀ ਪਤਨੀ ਵੱਲੋਂ ਉਹਨਾਂ ਨੂੰ ਨਾਂਹ ਕਰ ਦਿੱਤੀ, ਜਿਸ ਦੇ ਚੱਲਦੇ ਤੈਸ਼ ਵਿੱਚ ਆ ਗਏ ਗੁਰਪ੍ਰੀਤ ਸਿੰਘ ਉਰਫ ਗੋਰੇ ਨੇ ਮੇਰੀ ਪਤਨੀ ਨੂੰ ਗੋਲੀਆਂ ਮਾਰ ਦਿੱਤੀਆਂ।
ਦੋਸ਼ੀ ਦੀ ਭਾਲ 'ਚ ਲੱਗੀ ਪੁਲਿਸ:ਇਸ ਮੌਕੇ ਗੱਲਬਾਤ ਕਰਦੇ ਹੋਏ ਬਾਬਾ ਬਕਾਲਾ ਦੇ ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਗੋਰੇ ਦਾ ਪਰਿਵਾਰ ਅਮਰਜੀਤ ਕੌਰ ਕੋਲੋਂ ਉਸ ਦੀ ਬੇਟੀ ਦਾ ਰਿਸ਼ਤਾ ਮੰਗਣ ਲਈ ਗਏ ਸਨ, ਜਿਸਦੇ ਚੱਲਦੇ ਅਮਰਜੀਤ ਕੌਰ ਵੱਲੋਂ ਰਿਸ਼ਤੇ ਦੇ ਲਈ ਨਾ ਕਰ ਦਿੱਤੀ ਗਈ। ਇਸ ਦੇ ਚੱਲਦੇ ਮੁਲਜ਼ਮਾਂ ਨੇ ਲੜਕੀ ਦੀ ਮਾਂ ਨੂੰ ਉਸਦੇ ਘਰ ਵਿੱਚ ਹੀ ਗੋਲੀ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਗੋਲੀ ਮਾਰ ਕੇ ਮੁਲਜ਼ਮ ਉਥੋਂ ਫਰਾਰ ਹੋ ਗਿਆ ਪਰ ਜਿਸ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ ਸਨ, ਪੁਲਿਸ ਵੱਲੋਂ ਉਹ ਬਰਾਮਦ ਕਰ ਲਈ ਗਈ ਹੈ। ਫਿਲਹਾਲ ਦੋਸ਼ੀ ਫ਼ਰਾਰ ਹੈ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੇ ਕੁਝ ਦਿਨਾਂ 'ਚ ਕਈ ਵਾਰਦਾਤਾਂ: ਕਾਬਿਲੇਗੌਰ ਹੈ ਕਿ ਅੰਮ੍ਰਿਤਸਰ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਹੁੰਦੇ ਹਨ। ਪਿਛਲੇ ਦਿਨੀਂ ਇੱਕ ਰਿਜੋਰਟ 'ਚ ਪੁਲਿਸ ਅਤੇ ਬਦਮਾਸ਼ਾਂ 'ਚ ਗੋਲੀਬਾਰੀ ਹੋਣ ਦੀ ਘਟਨਾ ਵੀ ਸਾਹਮਣੇ ਆਈ ਸੀ। ਜਦਕਿ ਇਸ ਤੋਂ ਇਲਾਵਾ ਇੱਕ ਪੁੱਤ ਵਲੋਂ ਆਪਣੇ ਮਾਂ ਬਾਪ ਦਾ ਕਤਲ ਕਰਨ ਦੀ ਘਟਨਾ ਨੇ ਵੀ ਸਭ ਦੇ ਹੋਸ਼ ਉਡਾ ਦਿੱਤੇ ਸੀ। ਜਦਕਿ ਅੰਮ੍ਰਿਤਸਰ 'ਚ ਹੀ ਬੀਤੇ ਦਿਨੀਂ ਸੈਰ ਕਰ ਰਹੇ ਪੁਲਿਸ ਅਧਿਕਾਰੀ 'ਤੇ ਵੀ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਸੀ, ਜਿਸ 'ਚ ਬੁਲਟ ਪਰੂਫ ਜੈਕਟ ਪਾਈ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ ਸੀ।