ਅੰਮ੍ਰਿਤਸਰ:ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵੱਲੋ ਸੂਬਾਈ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ 'ਚ, ਡੀਸੀ ਦਫ਼ਤਰ ਅੰਮ੍ਰਿਤਸਰ ਵਿੱਚ ਪੀਸੀਐੱਸ ਅਧਿਕਾਰੀ ਵਰੁਣ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਨੂੰ ਮੰਗ ਪੱਤਰ ਸੌਂਪੇ ਗਏ। ਇਹ ਮੰਗ ਪੱਤਰ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਤੇ ਬੇਲੋੜੀਆਂ ਸ਼ਰਤਾਂ ਮੜ੍ਹ ਕੇ ਭਾਅ ਉੱਤੇ ਲਗਾਏ ਕੱਟ ਨੂੰ ਵਾਪਿਸ ਕਰਵਾਉਣ ਸਬੰਧੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਗੜੇਮਾਰੀ ਤੇ ਬੇਮੌਸਮੀ ਕੁਦਰਤੀ ਮਾਰ ਤੋਂ ਬਾਅਦ ਕਿਸਾਨੀ ਉਪਰ ਸਰਕਾਰ ਵੱਲੋਂ ਇਨ੍ਹਾਂ ਸ਼ਰਤਾਂ ਦੇ ਰੂਪ ਵਿੱਚ ਹੋਏ ਹਮਲੇ ਦੇ ਖਿਲਾਫ਼ ਲੋਕਾਂ ਵਿੱਚ ਗੁੱਸਾ ਹੈ।
ਇਹ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ:ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨਾ ਸਿਰਫ਼ 6-18% ਸੁੰਗੜੇ ਦਾਣੇ ਅਤੇ 10-80% ਬਦਰੰਗੇ ਦਾਣੇ ਤੇ 5.31 ਰੁਪਏ ਤੋਂ ਲੈ ਕੇ 31.87 ਰੁਪਏ ਤੱਕ ਦੇ ਕੱਟ ਨੂੰ ਵਾਪਿਸ ਲਵੇ, ਬਲਕਿ ਗਲੋਬਲ ਵਾਰਮਿੰਗ ਦੀ ਵਜ੍ਹਾਂ ਨਾਲ ਹੋਈ ਮੌਸਮੀ ਤਬਦੀਲੀ ਕਾਰਨ ਪੈ ਰਹੀ ਬੇਮੌਸਮੀ ਬਰਸਾਤ ਦੀ ਮਾਰ ਕਾਰਨ ਨੁਕਸਾਨ ਨਾਲ ਘਟੇ ਝਾੜ ਦੀ ਭਰਪਾਈ ਲਈ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਣਾ ਚਾਹੀਦਾ ਹੈ। ਖੇਤ ਮਜ਼ਦੂਰ ਨੂੰ ਉਜਰਤ ਦਾ 50% ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰਨ ਤਾਂ ਜੋ ਮਸਲੇ ਦਾ ਹੱਲ ਹੋ ਸਕੇ।