ਅੰਮ੍ਰਿਤਸਰ: ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਦੇਸ਼-ਵਿਦੇਸ਼ ਵਿੱਚ ਹਰ ਸਾਲ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਤੋਂ ਪੈਦਾ ਹੋਏ ਹਾਲਾਤਾਂ ਕਰਕੇ ਸੀਮਤ ਸੰਗਤਾਂ ਨਾਲ ਸੇਵਾਦਾਰਾਂ ਵੱਲੋਂ ਗੁਰੂ ਜੀ ਦੀ ਮਰਿਆਦਾ ਨਿਭਾਈ ਗਈ। ਇਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਇਸ ਮੌਕੇ ਕਥਾ ਕਰਨ ਪੁੱਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਭਾਈ ਮਾਨ ਸਿੰਘ ਵੱਲੋਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੇ ਧਰਮ ਨੂੰ ਅੱਗੇ ਤੋਰਦਿਆਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੱਲੋਂ 1606 ਵਿੱਚ ਸੱਚ ਦੀ ਖਾਤਰ ਸ਼ਹਾਦਤ ਦਿੱਤੀ। ਇਸ ਲਈ ਉਨ੍ਹਾਂ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਲੋੜਵੰਦਾਂ ਦੀ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।