ਅੰਮ੍ਰਿਤਸਰ: ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਇੱਕ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੁੜੀ ਨੇ 2 ਦਿਨ ਪਹਿਲਾਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜਾਨ ਗਵਾ ਲਈ ਸੀ ਜਿਸ ਦਾ ਖੁਲਾਸਾ ਅੱਜ ਹੋਇਆ ਹੈ। ਜਦੋਂ ਕੁੜੀ ਦਾ ਸਹੁਰਾ ਪਰਿਵਾਰ ਉਸ ਦੇ ਮਾਪਿਆਂ ਨੂੰ ਦੱਸੇ ਬਿਨਾਂ ਕੁੜੀ ਦੀ ਲਾਸ਼ ਦਾ ਸਸਕਾਰ ਕਰ ਰਿਹਾ ਸੀ ਤਾਂ ਪੁਲਿਸ ਨੇ ਮੌਕੇ 'ਤੇ ਉਸ ਨੂੰ ਰੋਕ ਦਿੱਤਾ।
ਮ੍ਰਿਤਕਾਂ ਦੇ ਭਰਾ ਨੇ ਦੱਸਿਆ ਕਿ ਵਿਆਹੁਤਾ ਦਾ ਨਾਂਅ ਅਮਨਦੀਪ ਕੌਰ ਹੈ। ਉਸ ਦੇ ਵਿਆਹ ਨੂੰ ਕਰੀਬ ਢਾਈ ਸਾਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਮਨਦੀਪ ਕੌਰ ਨੂੰ ਉਸ ਦਾ ਸਹੁਰਾ ਪਰਿਵਾਰ ਦਾਜ ਨੂੰ ਲੈ ਕੇ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਤੇ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ। ਉਨ੍ਹਾਂ ਕਿਹਾ ਕਿ ਅਮਨ ਆਪਣੇ ਸਹੁਰੇ ਪਰਿਵਾਰ ਤੋਂ ਬਹੁਤ ਦੁੱਖੀ ਸੀ। ਮ੍ਰਿਤਕ ਨੇ ਅਮਨਦੀਪ ਦੇ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਅਮਨ ਨੇ ਜ਼ਹਿਰੀਲੀ ਚੀਜ ਨਹੀਂ ਨਿਗਲੀ, ਉਸ ਦਾ ਕਤਲ ਹੋਇਆ ਹੈ ਜਿਸ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਅੰਜ਼ਾਮ ਦਿੱਤਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਅਮਨਦੀਪ ਨੂੰ ਇਨਸਾਫ ਦਿੱਤਾ ਜਾਵੇ।