ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਅੰਮ੍ਰਿਤਸਰ:ਭਾਜਪਾ ਵੱਲੋਂ ਮਨਜਿੰਦਰ ਸਿੰਘ ਨੂੰ ਰਾਸ਼ਟਰੀ ਸੈਕਟਰੀ ਨਿਯੁਕਤ ਕੀਤਾ ਗਿਆ, ਜਿਸਦੇ ਚੱਲਦੇ ਮਨਜਿੰਦਰ ਸਿੰਘ ਸਿਰਸਾ ਆਪਣੇ ਵਰਕਰਾਂ ਦੇ ਨਾਲ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਸਿੱਖ ਕੌਮ ਦੀ ਆਵਾਜ਼ ਚੁੱਕਣ ਲਈ ਇੱਕ ਪਲੇਟਫਾਰਮ ਮਿਲਿਆ:ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਮਨਜਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਲਈ ਗੁਰੂ ਘਰ ਆਏ ਹਾਂ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਹੈ। ਉਹਨਾਂ ਕਿਹਾ ਕਿ ਆਪਣੀ ਸਿੱਖ ਕੌਮ ਦੀ ਆਵਾਜ਼ ਨੂੰ ਉੱਪਰ ਚੁੱਕਣ ਲਈ ਗੁਰੂ ਮਹਾਰਾਜ ਸ਼ਕਤੀ ਦੇਣ ਇੱਕ ਮੌਕਾ ਹੈ, ਇੱਕ ਪਲੇਟਫਾਰਮ ਮਿਲਿਆ ਹੈ, ਜੋ ਆਪਣੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕੀਏ। ਉਹਨਾਂ ਕਿਹਾ ਕਿ ਸਰਕਾਰ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਹ ਪਲੇਟਫਾਰਮ ਬਹੁਤ ਵਧੀਆ ਮਿਲਿਆ ਹੈ।
ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਲਈ ਆਏ:ਭਾਜਪਾ ਆਗੂ ਮਨਜਿੰਦਰ ਸਿੰਘ ਨੇ ਕਿਹਾ ਕਿ ਸਾਡੀਆਂ ਬਹੁਤ ਸਾਰੀਆਂ ਜਾਇਜ਼ ਮੰਗਾਂ ਹਨ, ਜੋ ਲੰਬੇ ਮਸਲੇ ਹਨ, ਉਹਨਾਂ ਦਾ ਕੋਈ ਹੱਲ ਨਹੀਂ ਨਿਕਲਿਆ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਵਿਖੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਲਈ ਆਏ ਹਾਂ, ਉਹ ਆਪੇ ਹੀ ਇਹਨਾਂ ਮਸਲਿਆਂ ਦਾ ਹੱਲ ਕੱਢਣਗੇ।
13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗੀ ਭਾਜਪਾ:ਮਨਜਿੰਦਰ ਸਿਰਸਾ ਨੇ ਕਿਹਾ ਕਿ ਸਾਰੇ ਪਾਰਟੀ ਦੇ ਵਰਕਰ ਹਨ, ਸਾਨੂੰ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜਨ ਉੱਤੇ ਮਿਹਨਤ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਸਾਨੂੰ ਭਾਜਪਾ ਪਾਰਟੀ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ, ਇੱਕ ਭਾਜਪਾ ਅਜਿਹੀ ਪਾਰਟੀ ਹੈ, ਜੋ ਲੋਕਾਂ ਦਾ ਭਲਾ ਕਰ ਸਕਦੀ ਹੈ। ਉਹਨਾਂ ਕਿਹਾ ਕੇ ਚੋਰ ਚੋਰ ਮੁਸੇਰੇ ਭਾਈ ਆਪਸ ਵਿੱਚ ਰਲ ਗਏ ਹਨ।
ਅਰਵਿੰਦ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ:ਭਾਜਪਾ ਆਗੂ ਮਨਜਿੰਦਰ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਹਿੰਦਾ ਸੀ, ਸਭ ਤੋਂ ਵੱਡਾ ਗੁੰਡਾ ਸ਼ਰਦ ਪਵਾਰ ਹੈ, ਅੱਜ ਕੇਜਰੀਵਾਲ ਉਹਨਾਂ ਦੇ ਪੈਰਾਂ ਵਿੱਚ ਡਿੱਗੇ ਪਏ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਕਹਿੰਦਾ ਸੀ, ਸੋਨੀਆ ਗਾਂਧੀ ਨੂੰ ਫ਼ੜ੍ਹ ਕੇ ਜੇਲ੍ਹ ਵਿੱਚ ਦੇ ਦੋ ਅੱਜ ਕੇਜਰੀਵਾਲ ਉਸਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਡਰਾਈਵਰ ਬਣਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਭਾਜਪਾ 13 ਸੀਟਾਂ ਉੱਤੇ ਖੁਦ ਚੋਣ ਲੜੇਗੀ, ਸਾਡਾ ਗੱਠਜੋੜ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ ਹੈ, ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੈ।