ਅੰਮ੍ਰਿਤਸਰ: ਤਾਲਾਬੰਦੀ ਦੌਰਾਨ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲਣ ਦੇ ਮਸਲੇ ਵਿੱਚ ਹਾਈਕੋਰਟ ਦਾ ਫੈਸਲਾ ਸਕੂਲਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਮਾਪਿਆਂ ਦੇ ਉਲਟ ਭੁਗਤੀ ਹੈ।
ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ ਸਕੂਲ ਫੀਸ ਮਾਸਲੇ ਵਿੱਚ ਕਾਂਗਰਸ ਸਰਕਾਰ ਨੇ ਕੋਰਟ ਅੱਗੇ ਜਾਣਬੁੱਝ ਕੇ ਕਮਜ਼ੋਰ ਤੱਥ ਪੇਸ਼ ਕੀਤੇ ਹਨ, ਸਹੀ ਤੱਥ ਕੋਰਟ ਅੱਗੇ ਨਹੀਂ ਰੱਖੇ, ਜਿਸ ਕਾਰਨ ਇਹ ਫੈਸਲਾ ਪ੍ਰਾਈਵੇਟ ਸਕੂਲਾਂ ਦੇ ਹੱਕ ਵਿੱਚ ਗਿਆ ਹੈ।
ਮਜੀਠੀਆ ਨੇ ਕਿਹਾ ਕਿ ਸਰਕਾਰ ਦਾ ਸਕੂਲ ਐਸੋਸੀਏਸ਼ਨ ਦੇ ਨਾਲ ਸਮਝੌਤੇ ਹੋਣ ਕਾਰਨ ਸਰਕਾਰ ਜਾਣਬੁੱਝ ਕੇ ਇਹ ਫੈਸਲਾ ਹਾਰੀ ਹੈ ਅਤੇ ਨਾਲ ਹੀ ਕਿਹਾ ਕਿ ਸਿੰਗਲਾ ਨੇ ਮਾਪਿਆਂ ਦੀ ਆਵਾਜ਼ ਨੂੰ ਕੋਰਟ ਵਿੱਚ ਬੁਲੰਦ ਨਹੀਂ ਕੀਤਾ। ਇਸ ਦੇ ਨਾਲ ਹੀ ਮਜੀਠੀਆ ਨੇ ਮੰਗ ਕੀਤੀ ਕਿ ਜਿਹੜੇ ਗਰੀਬ ਮਾਪੇ ਬੱਚਿਆਂ ਦੀ ਫੀਸ ਨਹੀਂ ਭਰ ਸਕਦੇ, ਸਰਕਾਰ ਉਨ੍ਹਾਂ ਬੱਚਿਆਂ ਦੀ ਫੀਸ ਆਪ ਭਰੇ।