ਅੰਮ੍ਰਿਤਸਰ : ਅੱਜ ਮਹਾਸ਼ਿਵਰਾਤਰੀ ਪੂਰੇ ਦੇਸ਼ ਵਿੱਚ ਮਨਾਈ ਜਾ ਰਹੀ ਹੈ। ਮਹਾਸ਼ਿਵਰਾਤਰੀ ਦਾ ਤਿਉਹਾਰ ਮਹਾਦੇਵ ਨੂੰ ਪ੍ਰਸੰਨ ਕਰਨ ਅਤੇ ਪੂਜਾ ਕਰਨ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਅੱਜ ਹਰ ਘਰ ਅਤੇ ਹਰ ਗਲੀ ਵਿੱਚ ਹਰ ਹਰ ਮਹਾਦੇਵ ਦੀ ਗੂੰਜ ਸੁਣਾਈ ਦੇ ਰਹੀ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਮਹਾਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ। ਅੱਜ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਰੌਣਕਾਂ ਲੱਗੀਆਂ ਹੋਈਆਂ ਹਨ। ਅੱਜ ਦੇ ਦਿਨ ਸ਼ਰਧਾਲੂ ਮੰਦਰਾਂ ਵਿੱਚ ਭੋਲੇ ਬਾਬਾ ਦੇ ਦਰਸ਼ਨ ਕਰਨ ਲਈ ਪੁੱਜੇ ਤੇ ਉਨ੍ਹਾਂ ਵੱਲੋਂ ਸ਼ਿਵ ਭੋਲੇ ਨਾਥ ਦੀ ਪੂਜਾ ਅਰਚਨਾ ਵੀ ਕੀਤੀ ਗਈ। ਅੱਜ ਦੇ ਇਸ ਸ਼ੁੱਭ ਦਿਹਾੜੇ ਮੌਕੇ ਸ਼ਰਧਾਲੂ ਵਰਤ ਰੱਖਦੇ ਹਨ।
ਕਹਿੰਦੇ ਹਨ ਕਿ ਇਸ ਵਰਤ ਵਿੱਚ ਜੋ ਵੀ ਸ਼ਰਧਾਲੂ ਕੋਈ ਮੁਰਾਦ ਮੰਗਦਾ ਹੈ, ਸ਼ਿਵ ਭੋਲੇ ਬਾਬਾ ਜ਼ਰੂਰ ਪੂਰੀ ਕਰਦੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਦੁਰਗਿਆਨ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨ ਭੋਲੇ ਬਾਬਾ ਦਾ ਵਿਆਹ ਮਾਤਾ ਪਾਰਵਤੀ ਦੇ ਨਾਲ ਹੋਇਆ ਸੀ। ਕਹਿੰਦੇ ਹਨ ਕਿ ਭੋਲੇ ਬਾਬਾ ਨੂੰ ਮਨਾਉਣ ਦੇ ਲਈ ਤੇ ਉਨ੍ਹਾਂ ਦੀ ਪੂਜਾ ਅਰਚਨਾ ਕਰਨ ਲਈ ਸ਼ਰਧਾਲੂ ਅੱਕ, ਧਤੂਰਾ, ਭੰਗ, ਬੇਲ ਪੱਤਰ ਚੜ੍ਹਾਉਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਸੰਗਤ ਇੱਥੇ ਨਤਮਸਤਕ ਹੋਣ ਲਈ ਆਉਂਦੀ ਹੈ।