ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਕਾਫੀ ਹੱਦ ਤੱਕ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਮੀਦਵਾਰ ਆਪਣੇ ਆਪਣੇ ਹਲਕੇ ’ਚ ਚੋਣ ਪ੍ਰਚਾਰ ਕਰ ਰਹੇ ਹਨ। ਵਿਧਾਨਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚੇ ਹਨ।
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਗਏ ਹਨ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰਹੇ ਸੀ।
ਰਾਹੁਲ ਵੱਲੋਂ ਸ਼ਹੀਦੀ ਸਮਾਰਕ ਤੇ ਫੁੱਲਾਂ ਦੀਆਂ ਮਾਲਾਵਾਂ ਅਰਪਿਤ ਕਰ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਉੱਥੇ ਹੀ ਜਲਿਆਂਵਾਲੇ ਬਾਗ ਦੇ ਵਿੱਚ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਜਿਸ ਵਿੱਚ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਾ. ਰਾਜ ਕੁਮਾਰ ਵੇਰਕਾ ਅਤੇ ਓਮ ਪ੍ਰਕਾਸ਼ ਸੋਨੀ ਮੌਜੂਦ ਰਹੇ। ਰਾਹੁਲ ਗਾਂਧੀ ਵੱਲੋਂ ਸ਼ਹੀਦੀ ਸਮਾਰਕ ਤੇ ਫੁੱਲਾਂ ਦੀਆਂ ਮਾਲਾਵਾਂ ਅਰਪਿਤ ਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਜਲਿਆਵਾਲਾ ਬਾਗ਼ ਦਾ ਦੌਰਾ ਕਰਨਾ ਹਮੇਸ਼ਾ ਪ੍ਰੇਰਨਾ ਦਾਇਕ
ਰਾਹੁਲ ਗਾਂਧੀ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਰਜਿਸਟਰ ਬੁੱਕ ਤੇ ਨੋਟ ਲਿਖਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਜਲਿਆਵਾਲਾ ਬਾਗ਼ ਦਾ ਦੌਰਾ ਕਰਨਾ ਹਮੇਸ਼ਾ ਪ੍ਰੇਰਨਾ ਦਾਇਕ ਹੁੰਦਾ ਹੈ। ਇਹ ਸਥਾਨ ਸਾਡੇ ਮਹਾਨ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਵੱਲੋਂ ਜਦੋਂ ਰਜਿਸਟਰਡ ਬੁੱਕ ਤੇ ਨੋਟ ਲਿਖਿਆ ਗਿਆ ਤਾਂ ਇਸ ਵਕਤ ਉਹ 13 ਅਪ੍ਰੈਲ 1919 ਨੂੰ ਲੈ ਕੇ ਭਾਵੁਕ ਹੁੰਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਰਾਹੁਲ ਗਾਂਧੀ ਦੁਰਗਿਆਣਾ ਤੀਰਥ ਅਤੇ ਰਾਮ ਤੀਰਥ ਮੰਦਰ ਨਤਮਸਤਕ ਹੋਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਵਰਚੁਅਲ ਮੀਟਿੰਗ ਦੇ ਰਾਹੀਂ ਜਲੰਧਰ ਵਿਚ ਲੋਕਾਂ ਨੂੰ ਸੰਬੋਧਨ ਵੀ ਕੀਤਾ ਜਾਵੇਗਾ।