ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਿੱਖ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜਿਵੇਂ ਲੰਗਰ, ਮੁਫ਼ਤ ਮੈਡੀਕਲ ਸਹੂਲਤਾਂ ਆਦਿ ਸੇਵਾ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਲੁਧਿਆਣਾ ਤੋਂ ਨੌਜਵਾਨ ਲੜਕੀਆਂ ਨੂੰ ਦਸਤਾਰ ਸਿਖਾਉਣ ਲਈ ਪੁੱਜੀ ਗੁਰਬਾਣੀ ਕੌਰ ਵੱਲੋਂ ਦਰਬਾਰ ਸਾਹਿਬ ਵਿਖੇ "ਮੁਫ਼ਤ ਦਸਤਾਰ ਸਿਖਲਾਈ" ਕੈਂਪ ਸ਼ੁਰੂ ਲਗਾਇਆ ਗਿਆ ਹੈ।
ਪੱਛਮੀ ਸੱਭਿਅਤਾ ਛੱਡ ਸਿੱਖ ਸੱਭਿਆਚਾਰ ਦਾ ਹਿੱਸਾ ਬਣਨਾ ਚਾਹੀਦਾ ਹੈ:ਗੁਰਬਾਣੀ ਕੌਰ - ਮੁਫ਼ਤ ਦਸਤਾਰ ਸਿਖਲਾਈ ਕੈਂਪ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਤੋਂ ਨੌਜਵਾਨ ਕੁੜੀਆਂ ਨੂੰ ਦਸਤਾਰ ਸਿਖਾਉਣ ਲਈ ਪੁੱਜੀ ਗੁਰਬਾਣੀ ਕੌਰ ਵੱਲੋਂ ਦਰਬਾਰ ਸਾਹਿਬ ਵਿਖੇ "ਮੁਫ਼ਤ ਦਸਤਾਰ ਸਿਖਲਾਈ" ਕੈਂਪ ਸ਼ੁਰੂ ਲਗਾਇਆ ਹੋਇਆ ਹੈ।
ਦਸਤਾਰ ਕੋਚ ਗੁਰਬਾਣੀ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਕੈਂਪ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਲਈ ਲਾਇਆ ਹੈ। ਇਸ ਲਈ ਵੱਧ ਤੋਂ ਵੱਧ ਭੈਣਾਂ ਇਸ ਕੈਂਪ ਵਿੱਚ ਸ਼ਮੂਲੀਅਤ ਕਰਨ ਅਤੇ ਦਸਤਾਰ ਸਿੱਖਣ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸਿਰਫ਼ ਬੀਬੀਆਂ ਭੈਣਾਂ ਤੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਇੱਕ ਅੰਮ੍ਰਿਤਧਾਰੀ ਕੁੜੀ ਦੂਜੇ ਪਰਿਵਾਰ ਵਿੱਚ ਵਿਆਹ ਕੇ ਜਾਂਦੀ ਹੈ ਤਾਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਪੱਛਮੀ ਸੱਭਿਅਤਾ ਦਾ ਬੋਲਬਾਲਾ ਵੱਧ ਰਿਹਾ ਹੈ, ਜੋ ਪੰਜਾਬ ਦੇ ਲਈ ਹਾਨੀਕਾਰਕ ਹੈ।
ਗੁਰਬਾਣੀ ਕੌਰ ਨੇ ਕਿਹਾ ਕਿ ਨੌਜਵਾਨ ਕੁੜੀਆਂ ਪੱਛਮ ਦੇ ਪਿੱਛੇ ਲੱਗ ਕੇ ਆਪਣਾ ਪਹਿਰਾਵਾ ਵਿਸਾਰ ਰਹੀਆਂ ਹਨ ਜੋ ਕਿ ਮੰਦਭਾਗਾ ਵਰਤਾਰਾ ਹੈ। ਗੁਰਬਾਣੀ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ 4 ਸਾਹਿਬਜ਼ਾਦੇ ਸਾਡੇ ਲਈ ਕੁਰਬਾਨ ਕਰ ਦਿੱਤੇ, ਕੀ ਅਸੀਂ ਉਨ੍ਹਾਂ ਦਾ ਇੰਨਾ ਕਹਿਣਾ ਵੀ ਨਹੀਂ ਮੰਨ ਸਕਦੇ ਕਿ ਸਿੱਖੀ ਸਰੂਪ ਅਪਣਾ ਕੇ ਦਸਤਾਰ ਸਜਾਈਏ ?