ਅੰਮ੍ਰਿਤਸਰ :ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੀਤੀ ਦੇਰ ਰਾਤ ਕਰੀਬ 2 ਵਜੇ ਡਰੋਨ ਦੇਖਿਆ ਗਿਆ। ਡਰੋਨ ਦੀ ਦਸਤਕ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਇਸ ਨੂੰ ਡਰੋਨ ਅਟੈਕ ਸਮਝਦਿਆਂ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ। ਜੇਲ੍ਹ ਨਜ਼ਦੀਕ ਪੁਲਿਸ ਦੀ ਨਫ਼ਰੀ ਵਧਾ ਦਿੱਤੀ ਗਈ। ਜੇਲ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਬੀਐਸਐਫ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਮੌਕੇ ਉਤੇ ਬੁਲਾਇਆ ਤੇ ਜਾਂਚ ਸ਼ੁਰੂ ਕੀਤੀ। ਜਾਂਚ ਮਗਰੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਇਕ ਖਿਡੌਣਾ ਡਰੋਨ ਸੀ, ਜੋ ਕਿ ਇਕ ਬੱਚੇ ਵੱਲੋਂ ਉਡਾਇਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਸੀਆਰਪੀਐਫ ਅਤੇ ਪੰਜਾਬ ਪੁਲਿਸ ਦੇ ਜਵਾਨ ਰਾਤ ਦੀ ਗਸ਼ਤ ’ਤੇ ਸਨ। ਉਸੇ ਸਮੇਂ ਉਸ ਨੇ ਡਰੋਨ ਦੀ ਆਵਾਜ਼ ਸੁਣੀ। ਜੇਲ੍ਹ ਵਿੱਚ ਮੋਬਾਈਲ ਅਤੇ ਨਸ਼ੇ ਪਹਿਲਾਂ ਹੀ ਵੱਡੀ ਸਿਰਦਰਦੀ ਬਣ ਚੁੱਕੇ ਹਨ ਅਤੇ ਅੰਮ੍ਰਿਤਸਰ ਜੇਲ੍ਹ ’ਤੇ ਹਮਲੇ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਅਜਿਹੇ 'ਚ ਜੇਲ੍ਹ 'ਤੇ ਡਰੋਨ ਘੁੰਮਦਾ ਦੇਖ ਜਵਾਨ ਅਲਰਟ ਹੋ ਗਏ। ਪੁਲਿਸ ਨੇ ਡਰੋਨ ਬਰਾਮਦ ਕਰ ਕੇ ਜੇਲ੍ਹ ਸੁਪਰਡੈਂਟ ਨੂੰ ਸੂਚਿਤ ਕੀਤਾ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਇਕ ਖਿਡੌਣਾ ਡਰੋਨ ਸੀ, ਬੈਟਰੀ ਖਤਮ ਹੋਣ ਤੋਂ ਬਾਅਦ ਡਿੱਗ ਗਿਆ। ਜੇਲ ਪ੍ਰਸ਼ਾਸਨ ਨੇ ਕੁਝ ਸਮਾਂ ਮਾਲਕ ਤੋਂ ਪੁੱਛਗਿੱਛ ਕੀਤੀ। ਕੁਝ ਵੀ ਸ਼ੱਕੀ ਨਾ ਮਿਲਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਡਰੋਨ ਮਾਲਕ ਨੂੰ ਵਾਪਸ ਕਰ ਦਿੱਤਾ। ਕੇਂਦਰੀ ਜੇਲ੍ਹ ਫਤਿਹਪੁਰ ਪਿੰਡ ਵਿੱਚ ਸਥਿਤ ਹੈ। ਸਰਹੱਦ 'ਤੇ ਡਰੋਨਾਂ ਦੀ ਤਸਕਰੀ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੀ ਡਰੋਨ ਦੀ ਇਸ ਘਟਨਾ ਨੂੰ ਲੈ ਕੇ ਸੁਚੇਤ ਹੈ।
ਆਏ ਦਿਨ ਸੁਰਖੀਆਂ ਵਿੱਚ ਰਹਿੰਦਿਆਂ ਨੇ ਪੰਜਾਬ ਦੀਆਂ ਜੇਲ੍ਹਾਂ : ਦੱਸ ਦਈਏ ਕਿ ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀਆਂ ਹਨ। ਆਏ ਦਿਨ ਜੇਲ੍ਹਾਂ ਵਿਚੋਂ ਕਦੇ ਫੋਨ, ਕਦੇ ਨਸ਼ਾ ਤੇ ਕਦੇ ਹਥਿਆਰ ਬਰਾਮਦ ਕੀਤੇ ਜਾਂਦੇ ਹਨ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਹੋਣ ਦਾ ਦਾਅਵਾ ਠੋਕਿਆ ਜਾਂਦਾ ਹੈ, ਪਰ ਅਜਿਹੀਆਂ ਬਰਾਮਦਗੀਆਂ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੰਦੇ ਹਨ। ਬੀਤੇ ਦਿਨ ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਕੈਦੀ ਕੋਲੋਂ 8ਐਮਐਮ ਰੌਂਦ ਦਾ ਖੋਲ ਬਰਾਮਦ ਹੋਇਆ ਸੀ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਉਕਤ ਕੈਦੀ ਖ਼ਿਲਾਫ਼ ਕਾਰਵਾਈ ਕੀਤੀ, ਪਰ ਅਜਿਹੀ ਬਰਾਮਦਗੀ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਉਤੇ ਇਕ ਸਵਾਲੀਆ ਨਿਸ਼ਾਨ ਹੈ।
ਕਪੂਰਥਲਾ ਜੇਲ੍ਹ ਵਿਚੋਂ ਕੈਦੀ ਕੋਲੋਂ ਮਿਲਿਆ 8 ਐਮਐਮ ਰੌਂਦ ਦਾ ਖੋਲ :ਕਪੂਰਥਲਾ ਦੀ ਮਾਡਰਨ ਜੇਲ੍ਹ 'ਚ ਬੰਦ ਕੈਦੀਆਂ ਦੀ ਰੁਟੀਨ ਤਲਾਸ਼ੀ ਦੌਰਾਨ ਇਕ ਕੈਦੀ ਦੇ ਕੱਪੜਿਆਂ ਦੀ ਤਲਾਸ਼ੀ ਲੈਣ 'ਤੇ ਉਸ ਦੇ ਬੈਗ 'ਚੋਂ 8mm ਦਾ ਕਾਰਤੂਸ ਦਾ ਖੋਲ ਬਰਾਮਦ ਹੋਇਆ, ਜਿਸ ਤੋਂ ਬਾਅਦ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਕਪੂਰਥਲਾ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਕੈਦੀ ਸੁਖਦੇਵ ਸਿੰਘ ਉਰਫ਼ ਬਿੱਲਾ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਬਾਹੂਵਾਲ ਤਰਨਤਾਰਨ ਜਦੋਂ ਨਵੇਂ ਕੈਦੀ ਵਜੋਂ ਜੇਲ੍ਹ ਵਿੱਚ ਦਾਖ਼ਲ ਹੋਇਆ ਤਾਂ ਉਸ ਦੇ ਕੱਪੜਿਆਂ ਦੇ ਬੈਗ ਦੀ ਤਲਾਸ਼ੀ ਦੌਰਾਨ ਉਸ ਦੇ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਕੁਝ ਸ਼ੱਕੀ ਪਾਇਆ ਗਿਆ, ਜਦੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਬੈਗ ਵਿੱਚ ਪਏ ਕੱਪੜਿਆਂ ਵਿੱਚੋਂ 8 ਐਮਐਮ ਕਾਰਤੂਸ ਦਾ ਖੋਲ ਮਿਲਿਆ। ਸਹਾਇਕ ਸੁਪਰਡੈਂਟ ਮਾਡਰਨ ਜੇਲ੍ਹ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਪੁਲਿਸ ਨੇ ਸੁਖਦੇਵ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।