ਅੰਮ੍ਰਿਤਸਰ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੀ ਬੀਤੇ ਦਿਨੀਂ ਹੋਈ ਮੌਤ ਤੋਂ ਬਾਅਦ ਉਨ੍ਹਾਂ ਦਾ ਨਿੱਜੀ ਗੰਨਮੈਨ ਜੋ ਕਿ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਸੁਖਦੇਵ ਸਿੰਘ ਹੈ, ਉਹ ਵੀ ਲਾਪਤਾ ਹੋ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਚਿੰਤਤ ਹੈ ਅਤੇ ਕਿਉਂਕਿ ਤਿੰਨ ਦਿਨ ਲੰਘ ਜਾਣ ਤੋਂ ਬਾਅਦ ਵੀ ਗੰਨਮੈਨ ਸੁਖਦੇਵ ਸਿੰਘ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਦੌਰਾਨ ਪਰਿਵਾਰ ਵਲੋਂ ਪੁਲਿਸ ਵਿਭਾਗ ਦੀ ਕਾਰਵਾਈ 'ਤੇ ਵੀ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ।
ਸੈਰ ਨੂੰ ਗਿਆ ਨਹੀਂ ਆਇਆ ਵਾਪਿਸ: ਇਸ ਸਬੰਧੀ ਲਾਪਤਾ ਹੋਏ ਗੰਨਮੈਨ ਸੁਖਦੇਵ ਸਿੰਘ ਦੇ ਪਰਿਵਾਰ ਦਾ ਕਹਿਣਾ ਕਿ ਉਹ ਬਿਲਕੁਲ ਠੀਕ ਠਾਕ ਸੀ ਤੇ ਪਿਛਲੇ ਕਰੀਬ ਪੰਜਾਬ ਸਾਲ ਤੋਂ ਮਰਹੂਮ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਨਾਲ ਬਤੌਰ ਗੰਨਮੈਨ ਦੀ ਸੇਵਾ ਨਿਭਾ ਰਹੇ ਸੀ। ਉਨ੍ਹਾਂ ਦੱਸਿਆ ਕਿ ਅਜਿਹੀ ਕੋਈ ਸ਼ਿਕਾਇਤ ਹੀ ਨਹੀਂ ਸੀ। ਪਰਿਵਾਰ ਦਾ ਕਹਿਣਾ ਕਿ ਸਵੇਰੇ ਤੜਕਸਾਰ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਉਹ ਸੈਰ ਲਈ ਨਿਕਲੇ ਸੀ ਤੇ ਹੁਣ ਤੱਕ ਘਰ ਨਹੀਂ ਆਏ, ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।