ਅੰਮ੍ਰਿਤਸਰ :ਅੱਜ ਤੋਂ 1 ਸਾਲ ਪਹਿਲਾਂ ਆਮ ਆਦਮੀ ਪਾਰਟੀ ਬਦਲਾਅ ਦੇ ਨਾਮ ਉਤੇ ਪੰਜਾਬ ਦੀ ਸੱਤਾ ਵਿਚ ਆਈ ਸੀ ਅਤੇ ਲੋਕਾਂ ਵੱਲੋਂ 92 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆ ਗਿਆ ਸੀ। ਆਪਣੀ ਪੁਲਿਸ ਦੀ ਨੌਕਰੀ ਤੋਂ ਬਤੌਰ ਆਈਜੀ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵਿਜੇ ਪ੍ਰਤਾਪ ਸਿੰਘ ਨੂੰ ਵੀ ਲੋਕਾਂ ਨੇ ਅੰਮ੍ਰਿਤਸਰ ਨੌਰਥ ਹਲਕੇ ਤੋਂ ਵੱਡੇ ਫਰਕ ਨਾਲ ਜਤਾਇਆ ਸੀ, ਪਰ ਅੱਜ ਉਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਹੀ ਸਰਕਾਰ ਦੇ ਮਹਿਕਮਿਆਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਸੜਕ ਉਤੇ ਨਿਕਲ ਪਏ।
ਇਲਾਕੇ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਬਣ ਰਹੀ ਇਮਾਰਤ ਉਤੇ ਚੁੱਕੇ ਸਵਾਲ :ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰੀਨ ਐਵਨਿਊ, ਜਿੱਥੇ ਕੇ ਉਨ੍ਹਾਂ ਦੀ ਆਪਣੀ ਰਿਹਾਇਸ਼ ਹੈ ਅਤੇ ਥੋੜੀ ਹੀ ਦੂਰੀ ਉਤੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਰਿਹਾਇਸ਼ ਵੀ ਹੈ। ਓਸ ਤੋਂ ਚੰਦ ਕਦਮਾਂ ਉਤੇ ਹੀ ਇੱਕ ਨਾਜਾਇਜ਼ ਬਿਲਡਿੰਗ ਜੋ ਕਿ ਛੋਟੇ ਬੱਚਿਆਂ ਦੇ ਸਕੂਲ ਦੇ ਨਾਂ ਉਤੇ ਰਿਹਾਇਸ਼ੀ ਇਲਾਕੇ ਵਿੱਚ ਬਣਾਈ ਜਾ ਰਹੀ ਹੈ। ਇਸ ਇਮਾਰਤ ਦੀ ਗੈਰ-ਕਨੂੰਨੀ ਢੰਗ ਨਾਲ ਤੇਜ਼ੀ ਨਾਲ ਉਸਾਰੀ ਚੱਲ ਰਹੀ ਹੈ।
ਨਿਗਮ ਅਧਿਕਾਰੀਆਂ ਨੇ ਨੋਟਿਸ ਭੇਜਿਆਂ ਤਾਂ ਹੋ ਗਈ ਬਦਲੀ :ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਸ ਬਾਬਤ 13 ਮਾਰਚ 2023 ਨੂੰ ਨਗਰ ਨਿਗਮ ਵੱਲੋਂ ਇਸ ਬਿਲਡਿੰਗ ਦੇ ਗੈਰ-ਕਨੂੰਨ ਉਸਾਰੀ ਨੂੰ ਲੈ ਕੇ ਬਿਲਡਿੰਗ ਦੇ ਮਾਲਕਾਂ ਨੂੰ ਨੋਟਿਸ ਵੀ ਭੇਜੇ ਗਏ ਸਨ। ਅਧਿਕਾਰੀਆਂ ਦੀ ਬਦਲੀ ਪਠਾਨਕੋਟ ਤੇ ਅਬੋਹਰ ਤਕ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਮੀ ਸਕੂਲ ਵੱਲੋਂ ਇਹ ਬਿਲਡਿੰਗ ਬਣਾਈ ਜਾ ਰਹੀ ਹੈ ਅਤੇ ਨਿਗਮ ਅਧਿਕਾਰੀ ਖੁਦ ਇਹ ਕੰਮ ਕਰਵਾ ਰਹੇ ਹਨ।