ਤਰਨਤਾਰਨ:ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਖੇਡਾ ਦੀ ਰਹਿਣ ਵਾਲੀ ਬਜ਼ੁਰਗ ਔਰਤ ਕੁਲਵੰਤ ਕੌਰ ਨੇ ਜ਼ਿਲ੍ਹਾਂ ਤਰਨਤਾਰਨ ਦੇ ਐੱਸ ਐੱਸ ਪੀ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਦੱਸਿਆ ਕਿ ਉਸ ਦੀ ਲੜਕੀ ਸਿਮਰਨਜੀਤ ਕੌਰ ਦਾ ਵਿਆਹ 13 ਸਾਲ ਪਹਿਲਾਂ ਪਿੰਡ ਮਾਣਕਪੁਰ ਦੇ ਰਹਿਣ ਵਾਲੇ ਸਾਹਿਬ ਸਿੰਘ ਪੁੱਤਰ ਜਗੀਰ ਸਿੰਘ ਨਾਲ ਉਸ ਨੇ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਸੀ।
ਜਿਸ ਦੌਰਾਨ ਉਸ ਦਾ ਜਵਾਈ ਸਾਹਿਬ ਸਿੰਘ ਦੁਬਈ ਕੰਮਕਾਰ ਲਈ ਚਲਾ ਗਿਆ ਅਤੇ ਵਾਪਸ ਆਉਂਦੇ ਸਮੇਂ ਉਸ ਦੇ ਕਿਸੇ ਹੋਰ ਕੁੜੀ ਨਾਲ ਨਾਜਾਇਜ਼ ਸਬੰਧ ਬਣ ਗਏ। ਜਿਸ ਨੂੰ ਘਰ ਵਿੱਚ ਰੱਖਣ ਦੇ ਚੱਕਰ ਸਾਹਿਬ ਸਿੰਘ ਨੇ ਆਪਣੀ ਛੋਟੀ ਬੱਚੀ ਤੇ ਆਪਣੀ ਪਤਨੀ ਸਿਮਰਜੀਤ ਕੌਰ ਨੂੰ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ। ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸਦੀ ਲੜਕੀ ਸਿਮਰਨਜੀਤ ਕੌਰ ਨੂੰ ਆਪਣੇ ਪੇਕੇ ਪਰਿਵਾਰ ਕੋਲ ਰਹਿੰਦੇ ਹੋਏ 4 ਸਾਲ ਦੇ ਕਰੀਬ ਹੋ ਚੁੱਕੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਥਾਣਾ ਕੱਚਾ ਪੱਕਾ ਵਿਖੇ ਅਤੇ ਹੋਰ ਪੁਲਿਸ ਦੇ ਕੁਝ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦੇ ਚੁੱਕੇ ਹਨ। ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।
ਇਸ ਉਪਰੰਤ ਗੱਲਬਾਤ ਕਰਦੇ ਹੋਏ ਪੀੜਤ ਔਰਤ ਸਿਮਰਨਜੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਸਾਹਿਬ ਸਿੰਘ ਦੂਜੀ ਔਰਤ ਨਾਲ ਨਾਜਾਇਜ਼ ਸਬੰਧ ਬਣਾ ਕੇ ਉਸ ਨੂੰ ਜ਼ਬਰਦਸਤੀ ਆਪਣੇ ਘਰ ਵਿੱਚ ਰੱਖ ਰਿਹਾ ਹੈ। ਜਿਸ ਦੇ ਘਰ ਇਕ ਲੜਕੀ ਵੀ ਜਨਮ ਲਿਆ ਹੈ, ਜਿਸਦਾ ਜਨਮ ਸਰਟੀਫਿਕੇਟ ਉਨ੍ਹਾਂ ਦੇ ਕੋਲ ਹੈ। ਸਿਮਰਨਜੀਤ ਕੌਰ ਨੇ ਦੱਸਿਆ ਕਿ ਸਾਰਾ ਕੁੱਝ ਪੁਲਿਸ ਥਾਣਾ ਕੱਚਾ ਪੱਕਾ ਨੂੰ ਦੇਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਸਿਆਸੀ ਸ਼ਹਿ 'ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ ਤੋਂ ਇਨਸਾਫ਼ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਸਾਹਿਬ ਸਿੰਘ ਤੇ ਉਸ ਦੇ ਪਰਿਵਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।