ਭਾਰੀ ਮੀਂਹ ਤੋਂ ਬਾਅਦ ਜਾਣੋ ਕੀ ਹੈ ਬਿਆਸ ਦਰਿਆ ਦੇ ਪਾਣੀ ਦੀ ਸਥਿਤੀ ਅੰਮ੍ਰਿਤਸਰ : ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਕਪੂਰਥਲਾ, ਅੰਮ੍ਰਿਤਸਰ ਦਿਹਾਤੀ, ਤਰਨ ਤਾਰਨ, ਪਟਿਆਲਾ, ਰੋਪੜ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਕਈ ਸ਼ਹਿਰ ਹੜ੍ਹ ਦੀ ਚਪੇਟ ਵਿੱਚ ਆਏ ਅਤੇ ਇਸ ਦੌਰਾਨ ਸੈਂਕੜੇ ਲੋਕ ਘਰੋਂ ਬੇਘਰ ਹੋ ਗਏ। ਲੋਕਾਂ ਦੇ ਘਰ, ਜ਼ਮੀਨ ਅਤੇ ਪਸ਼ੂ ਤੱਕ ਇਸ ਨਾਲ ਪ੍ਰਭਾਵਿਤ ਹੋਏ। ਉਥੇ ਹੀ 12 ਜੁਲਾਈ ਦੀ ਸ਼ਾਮ ਨੂੰ ਰੁਕ ਰੁਕ ਕੇ ਹੋਈ ਬਰਸਾਤ ਨੇ ਤਰਨ ਤਾਰਨ ਹਲਕੇ ਨੇੜੇ ਪਿੰਡਾਂ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ।
ਫਿਲਹਾਲ ਲੋਕਾਂ ਨੂੰ ਰਾਹਤ :ਇਸ ਵਿਚਾਲੇ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਹੁਣ ਬਰਸਾਤ ਹੋਣੀ ਬੰਦ ਹੋ ਗਈ ਹੈ ਅਤੇ ਨਾਲ ਹੀ ਮੌਸਮ ਵਿੱਚ ਆਈ ਤਬਦੀਲੀ ਦਾ ਫਾਇਦਾ ਲੋਕਾਂ ਨੂੰ ਰਾਹਤ ਦੇ ਰਿਹਾ ਹੈ। ਦਰਅਸਲ ਹੁਣ ਮੀਂਹ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧਣ ਤੋਂ ਬਾਅਦ ਘੱਟਦਾ ਨਜਰ ਆਇਆ ਹੈ, ਜਿਸ ਨਾਲ ਫਿਲਹਾਲ ਲੋਕਾਂ ਨੂੰ ਰਾਹਤ ਮਿਲਣ ਦੀ ਆਸ ਹੈ। ਦਰਅਸਲ, ਜਿੱਥੇ ਪੰਜਾਬ ਵਿੱਚ ਭਾਰੀ ਮੀਂਹ ਪਿਆ ਹੈ। ਇੰਝ ਹੀ ਹਿਮਾਚਲ ਪ੍ਰਦੇਸ਼ 'ਚ ਆਏ ਹੜ੍ਹ ਕਾਰਨ ਤੋਂ ਬਿਆਸ ਦਰਿਆ ਦੇ ਵਿੱਚ ਵਧੇਰੇ ਪਾਣੀ ਆਉਣ ਦੀਆਂ ਖ਼ਬਰਾਂ ਤੋਂ ਬਾਅਦ ਦਰਿਆਈ ਕੰਢਿਆਂ ’ਤੇ ਵਸਦੇ ਲੋਕ ਕਾਫੀ ਚਿੰਤਤ ਨਜ਼ਰ ਆ ਰਹੇ ਸਨ ਕਿ ਮੀਂਹ ਤੋਂ ਤਾਂ ਬਚਾਅ ਹੋ ਗਿਆ ਹੈ, ਪਰ ਪਹਾੜੀ ਖੇਤਰਾਂ ਤੋਂ ਆਏ ਦਿਨ ਅਚਾਨਕ ਪਾਣੀ ਵਧਣ ਨਾਲ ਕਿਧਰੇ ਫਸਲਾਂ ਜਾਂ ਫਿਰ ਘਰਾਂ ਦਾ ਨੁਕਸਾਨ ਨਾ ਹੋਵੇ।
ਪਾਣੀ ਦਾ ਪੱਧਰ ਇਕ ਵਾਰ ਕਰੀਬ 48 ਹਜਾਰ ਕਿਊਸਿਕ ਵਧਿਆ : ਉਥੇ ਹੀ, ਦੂਜੇ ਪਾਸੇ ਬਿਆਸ ਦਰਿਆ ਵਿੱਚ ਪੌਂਗ ਡੈਮ ਤੋਂ ਪਾਣੀ ਛੱਡਣ ਦੀਆਂ ਖਬਰਾਂ ਨੂੰ ਲੈਕੇ ਜ਼ਿਆਦਾਤਰ ਲੋਕ ਅਜਿਹੇ ਹਲਾਤਾਂ ਵਿੱਚ ਫਿਲਹਾਲ ਦਰਿਆ ਕੰਢਾ ਛੱਡ ਕੇ ਉਪਰਲੇ ਸਥਾਨਾਂ 'ਤੇ ਜਾ ਚੁੱਕੇ ਹਨ। ਪਰ, ਬਿਆਸ ਦਰਿਆ ਵਿੱਚ ਫਿਲਹਾਲ ਪਾਣੀ ਵਧਣ ਦੀ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ ਹੈ। ਇਸ ਦੀ ਪੁਸ਼ਟੀ ਬਿਆਸ ਦਰਿਆ 'ਤੇ ਤਾਇਨਾਤ ਇਰੀਗੇਸ਼ਨ ਵਿਭਾਗ ਦੇ ਗੇਂਜ਼ ਰੀਡਰ ਉਮੇਧ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਬੀਤੇ ਦਿਨਾਂ ਤੋਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਇਕ ਵਾਰ ਕਰੀਬ 48 ਹਜਾਰ ਕਿਉਸਿਕ ਤੱਕ ਜਾਣ ਤੋਂ ਬਾਅਦ ਹੁਣ ਘਟਦਾ ਨਜ਼ਰ ਆ ਰਿਹਾ ਹੈ। ਉਮੇਧ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ 13 ਜੁਲਾਈ ਨੂੰ ਸਵੇਰੇ 6 ਵਜੇ ਅਤੇ 8 ਵਜੇ ਬਿਆਸ ਦਰਿਆ 'ਚ 24 ਹਜ਼ਾਰ 750 ਕਿਊਸਿਕ ਪਾਣੀ ਚੱਲ ਰਿਹਾ ਸੀ ਜੋ ਕਿ ਸ਼ਾਮ 4 ਵਜੇ ਤੱਕ 19 ਹਜ਼ਾਰ 500 ਕਿਊਸਿਕ ਰਹਿ ਗਿਆ ਅਤੇ ਗੇਜ 735.00 ਮਾਪੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਚਾਰ-ਪੰਜ ਹਜ਼ਾਰ ਕਿਊਸਿਕ ਪਾਣੀ ਵਧ ਘੱਟ ਰਿਹਾ ਹੈ। ਸਮੇਂ ਪਾਣੀ ਦੀ ਸਥਿਤੀ ਯੈਲੋ ਅਲਰਟ ਤੋਂ 5 ਫੁੱਟ ਹੇਠਾਂ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ ਅਤੇ ਇਹ ਪਾਣੀ ਦੀ ਆਮ ਸਥਿਤੀ ਹੈ।
ਹੜ੍ਹ ਨਾਲ ਹੋਏ ਨੁਕਸਾਨ ਤੋਂ ਉਭਰਨਾ ਅਜੇ ਮੁਸ਼ਕਿਲ :ਦਸ ਦੇਈਏ ਕਿ ਪਿਛਲੇ ਹਫ਼ਤੇ ਦੌਰਾਨ ਹਿਮਾਚਲ ਪ੍ਰਦੇਸ਼, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪਾਣੀ ਵਲੋਂ ਮਚਾਈ ਤਬਾਹੀ ਤੋਂ ਬਾਅਦ ਹੁਣ ਕੁਝ ਜਗ੍ਹਾ ਹੜਾਂ ਦੇ ਪਾਣੀ ਦੇ ਘਟਣ ਨਾਲ ਦਰਿਆ ਦੀ ਸਥਿਤੀ ਵੀ ਆਮ ਵਾਂਗ ਹੋ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਜਤਾਅ ਰਹੇ ਹਨ। ਹਾਲਾਂਕਿ, ਜੋ ਨੁਕਸਾਨ ਹੜ੍ਹ ਦੇ ਪਾਣੀਆਂ ਨਾਲ ਲੋਕਾਂ ਦਾ ਹੋਇਆ ਹੈ ਉਸ ਤੋਂ ਉਭਰਨਾ ਅਤੇ ਉਸ ਨੁਕਸਾਨ ਦੀ ਭਰਪਾਈ ਕਰਨ ਨੂੰ ਅਜੇ ਕਾਫੀ ਸਮਾਂ ਲੱਗੇਗਾ।