ਅੰਮ੍ਰਿਤਸਰ: ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੌਣਕਾਂ ਦੇਖਣ ਨੂੰ ਮਿਲੀਆਂ। ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਵਿਸਾਖੀ ਮੌਕੇ ਸ੍ਰੀ ਹਰਿਮੰਦਰ ਦੇ ਦਰਸ਼ਨਾਂ ਲਈ ਸੰਗਤਾਂ ਦੇ ਉਤਸ਼ਾਹ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ 4-5 ਘੰਟੇ ਲਈ ਕਤਾਰਾਂ ਵਿੱਚ ਖੜ੍ਹੇ ਰਹਿਣਾ ਪੈ ਰਿਹਾ ਹੈ।
ਵੈਸਾਖੀ ਵਾਲੇ ਦਿਨ ਸਾਜਿਆ ਗਿਆ ਸੀ ਖਾਲਸਾ ਪੰਥ:ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਸਾਜ ਕੇ ਮਨੁੱਖਤਾ ਨੂੰ ਗੁਲਾਮੀ ਤੋਂ ਮੁਕਤ ਕਰਦੇ ਹੋਏ ਸਵੈਮਾਣ ਨਾਲ ਜਿਊਣ ਦਾ ਰਾਹ ਦਰਸਾਇਆ ਸੀ। ਉਨ੍ਹਾਂ ਕਿਹਾ ਕਿ ਖ਼ਾਲਸਾ ਸਾਜਨਾ ਦੇ ਇਸ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ’ਤੇ ਪਹੁੰਚਾ ਦਿੱਤਾ। ਖਾਲਸੇ ਦੇ ਸਾਜਨਾ ਦਿਵਸ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਮਾਗਮਾਂ ਦਾ ਅਯੋਜਿਨ ਕੀਤਾ ਗਿਆ ਹੈ।
ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ:ਅੱਜ ਸਵੇਰੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵਲੋਂ ਸੈਂਕੜੇ ਸੰਗਤ ਨੂੰ ਅੰਮ੍ਰਿਤ ਛਕਾਇਆ ਗਿਆ।