ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਪੰਜਾਬ ਸਿਆਸਤ ਦਾ ਕੇਂਦਰ ਬਿੰਦੂ ਬਣ ਚੁੱਕੇ ਸਨ, ਕਿਹਾ ਜਾਂਦਾ ਹੈ ਇਸ ਕਰ ਕੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਅੰਦਰਖਾਤੇ ਰੜਕਣ ਲੱਗ ਗਈ ਸੀ।
ਇਸੇ ਦੌਰਾਨ ਪੰਜਾਬ ਵਿੱਚ ਹਾਲਾਤ ਕੁਝ ਸੁਖਾਵੇਂ ਵੀ ਨਹੀਂ ਸਨ। ਸਾਲ 1983 ਦੇ ਅਕਤੂਬਰ 'ਚ ਢਿੱਲਵਾਂ ਬੱਸ ਸਟੈਂਡ ਕੋਲ 6 ਹਿੰਦੂ ਮਾਰ ਦਿੱਤੇ ਗਏ ਜਿਸ ਤੋਂ ਬਾਅਦ ਕੇਂਦਰ ਦੀ ਇੰਦਰਾ ਗਾਂਧੀ ਸਰਕਾਰ ਨੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੂੰ ਭੰਗ ਕਰ ਦਿੱਤਾ। ਉਸ ਦੌਰਾਨ ਪੰਜਾਬ ਵਿਚ ਕਾਫੀ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ। ਕਈ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਵੀ ਮਾਰੇ ਜਾ ਚੁੱਕੇ ਸਨ। ਕੇਂਦਰ ਸਰਕਾਰ ਦੀਆਂ ਏਜੰਸੀਆਂ ਇਨ੍ਹਾਂ ਕਤਲਾਂ ਲਈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਜ਼ਿੰਮੇਵਾਰ ਮੰਨਦੀਆਂ ਸਨ।
ਇਕ ਵੱਖਰੇ ਰਾਜ ਦੀ ਖ਼ਾਲਿਸਤਾਨ ਦੀ ਮੰਗ ਵੀ ਪੂਰਾ ਜ਼ੋਰ ਫੜ ਗਈ ਸੀ
ਉਸ ਸਮੇਂ ਜਰਨੈਲ ਸਿੰਘ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ੍ਰੀ ਅਕਾਲ ਤਖਤ ਸਾਹਿਬ 'ਚ ਆਪਣੇ ਸੈਕੜੇ ਹਥਿਆਰਬੰਦ ਸਿੰਘਾਂ ਨਾਲ ਰਹਿ ਰਹੇ ਸਨ। ਕਿਹਾ ਇਹ ਵੀ ਜਾਂਦਾ ਹੈ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀ ਇਕ ਵੱਖਰੇ ਰਾਜ ਖ਼ਾਲਿਸਤਾਨ ਦੀ ਦਾ ਐਲਾਨ ਕਰਨ ਵਾਲੇ ਸਨ ਤੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਵੀ ਸਮਰਥਨ ਮਿਲ ਸਕਦਾ ਸੀ, ਜਿਸ ਕਰਕੇ ਫੌਜੀ ਐਕਸ਼ਨ ਕੀਤਾ ਗਿਆ।
ਪਰ ਦੂਜੇ ਪਾਸੇ ਕਈ ਵਿਦਵਾਨ ਇਹ ਵੀ ਮੰਨਦੇ ਹਨ ਇਹ ਸਭ ਕੁਝ ਪਹਿਲਾਂ ਹੀ ਪਲੈਨ ਕੀਤਾ ਗਿਆ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਇਸ ਹਮਲੇ ਵਿਚ ਕਿੰਨੇ ਲੋਕ ਮਰੇ ਇਸ ਨੂੰ ਲੈ ਕੇ ਅਲੱਗ ਅਲੱਗ ਵਿਦਵਾਨਾਂ ਵੱਲੋਂ ਅਲੱਗ ਅਲੱਗ ਆਂਕੜੇ ਪੇਸ਼ ਕੀਤੇ ਗਏ ਹਨ, ਪਰ ਜੇ ਸਰਕਾਰੀ ਵ੍ਹਾਈਟ ਪੇਪਰ ਦੀ ਗੱਲ ਕਰੀਏ ਤਾਂ ਉਸ ਮੁਤਾਬਕ 83 ਫ਼ੌਜੀ ਤੇ 493 ਆਮ ਲੋਕ ਮਾਰੇ ਗਏ ਸਨ।