ਚੰਡੀਗੜ੍ਹ: 'ਜਿੱਤੇਗਾ ਪੰਜਾਬ' ਚੈਨਲ ਰਾਹੀਂ ਨਵਜੋਤ ਸਿੰਘ ਸਿੱਧੂ ਦੇ ਆਮ ਲੋਕਾਂ ਨਾਲ ਬਣੇ ਸਿੱਧੇ ਸੰਪਰਕ ਤੋਂ ਘਬਰਾ ਕੇ ਪੰਜਾਬ ਦੋਖੀ ਤਾਕਤਾਂ ਨੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਣ ਲਈ 'ਜਿੱਤੇਗਾ ਪੰਜਾਬ' ਨਾਮ ਅਤੇ ਇਸ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਬਨਾਉਣ ਦਾ ਹੱਥਕੰਡਾ ਅਪਣਾਇਆ ਹੈ। ਕੁੱਝ ਲੋਕ ਅਜਿਹੇ ਚੈਨਲ ਬਣਾ ਵਿਊਅਰਸ਼ਿਪ ਵਧਾ ਕੇ ਵਿੱਤੀ ਲਾਹਾ ਵੀ ਲੈਣਾ ਚਾਹੁੰਦੇ ਹਨ।
ਨਵਜੋਤ ਸਿੰਘ ਸਿੱਧੂ ਦੁਆਰਾ ਆਪਣਾ ਚੈਨਲ ਸ਼ੁਰੂ ਕਰਨ ਤੋਂ ਬਾਅਦ ਮਿੰਟਾਂ ਵਿੱਚ ਹੀ 'ਜਿੱਤੇਗਾ ਪੰਜਾਬ' ਨਾਮ ਅਤੇ ਇਸ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਖੁੰਬਾਂ ਵਾਂਗ ਉੱਗ ਆਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਦੇ ਲੋਕਾਂ ਨਾਲ ਸਿੱਧੇ ਸੰਪਰਕ ਵਿੱਚ ਵਿਘਣ ਪਾਉਣ ਲਈ ਵਿਰੋਧੀ ਇਸ ਖੇਤਰ ਦੇ ਪ੍ਰੋਫੈਸ਼ਨਲ ਲੋਕਾਂ ਦਾ ਸਹਾਰਾ ਲੈ ਰਹੇ ਹਨ। ਸਿੱਧੂ ਦੇ ਪੰਜਾਬੀ ਪ੍ਰਤੀ ਪਿਆਰ ਕਾਰਨ ਚੈਨਲ ਦਾ ਨਾਮ ਗੁਰਮੁਖੀ ਵਿਚ ਲਿਖਿਆ ਗਿਆ ਹੈ ਪਰ ਰੋਮਨ ਲਿਪੀ ਵਿੱਚ ਚੈਨਲ ਖੋਜਣ ਵਾਲੇ ਨਕਲੀ-ਅਸਲੀ ਦੇ ਭੁਲੇਖੇ ਦਾ ਸ਼ਿਕਾਰ ਜਿਆਦਾ ਹੋ ਰਹੇ ਹਨ, ਇਸ ਮਸਲੇ ਉੱਪਰ ਸਿੱਧੂ ਆਪਣੀ ਮਾਂ ਬੋਲੀ ਨੂੰ ਹੀ ਪਹਿਲ ਦੇਣ ਦੇ ਹੱਕ ਵਿੱਚ ਦ੍ਰਿੜ ਹਨ।