ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੂਟਿਊਬ ਚੈਨਲ ਸ਼ੁਰੂ ਹੋਣ 'ਤੇ ਜਥੇਦਾਰ ਰਘਬੀਰ ਸਿੰਘ ਨੇ ਸਮੁੱਚੀ ਕੌਮ ਨੂੰ ਦਿੱਤੀ ਵਧਾਈ ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਗਏ ਸਨ ਕਿ ਗੁਰਬਾਣੀ ਪ੍ਰਸਾਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਆਪਣਾ ਯੂਟਿਊਬ ਚੈਨਲ ਚਲਾਵੇ, ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਆਪਣੇ ਯੂਟਿਊਬ ਚੈਨਲ ਬਣਾਉਣ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਦੱਸਿਆ ਕਿ ਸਿੱਖ ਪੰਥ ਦੇ ਸਰਵੋਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਯੂ ਟਿਊਬ ਚੈਨਲ ਤੇ ਗੁਰਬਾਣੀ ਪ੍ਰਸਾਰਨ ਨੂੰ ਚਲਾਉਣ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਅੱਜ ਆਪਣਾ ਯੂਟਿਊਬ ਚੈਨਲ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਥੇਦਾਰ ਸਾਹਿਬਾਨ ਨੇ ਸਮੁੱਚੀ ਸਿੱਖ ਕੌਮ ਨੂੰ ਦਿੱਤੀ ਵਧਾਈ :ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਸੈਟੇਲਾਈਟ ਚੈਨਲ ਚਲਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਲਈ ਇਹ ਖ਼ੁਸ਼ੀ ਦਾ ਸਮਾਂ ਹੈ। ਆਪਣੀ ਗੱਲ ਦੁਨੀਆ ਤਕ ਪੁਚਾਉਣ ਦੇ ਲਈ ਕਿਸੇ ਵੀ ਕੌਮ ਦਾ ਆਪਣਾ ਚੈਨਲ ਆਪਣਾ ਮੀਡਿਆ ਸਥਾਪਿਤ ਕਰਨਾ ਬੇਹਦ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿੱਚ ਵੀ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ੈਸਲਾ ਸਿੱਖ ਕੌਮ ਦੀ ਤਰਜ਼ਮਾਨੀ ਕਰੇਗਾ। ਉਨ੍ਹਾਂ ਸਿੱਖ ਕੌਮ ਨੂੰ ਇਸ ਕਾਰਜ ਦੀ ਹਾਰਦਿਕ ਵਧਾਈ ਦਿੱਤੀ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗੁਰਬਾਣੀ ਪਰਸਾਰਣ PTC ਚੈਨਲ ਤੋਂ ਖਤਮ ਕਰ ਕੇ ਸੰਗਤਾਂ ਤੱਕ ਮੁਫ਼ਤ ਪਹੁੰਚਾਉਣ ਲਈ ਪੰਜਾਬ ਸਰਕਾਰ ਤੇ ਸੰਗਤ ਦੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਮੰਗ ਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ 72 ਘੰਟਿਆਂ ਦੇ ਨੋਟਿਸ 'ਤੇ ਸੱਦੀ ਐਮਰਜੰਸੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਲਈ ਇਕੱਤਰਤਾ ਹੋਈ, ਜਿਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ 8 ਅਪ੍ਰੈਲ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਐਸਜੀਪੀਸੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਐਸਜੀਪੀਸੀ ਵਲੋਂ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਯੂ-ਟਿਊਬ ਪ੍ਰਸਾਰਣ ਲਈ ਟੈਂਡਰ ਪਾਸ:ਗੁਰਬਾਣੀ ਚੈਨਲ ਦੇ ਪ੍ਰਸਾਰਣ ਲਈ ਬਣਾਈ ਸਬ-ਕਮੇਟੀ ਦੀ ਰਿਪੋਰਟ ਨੂੰ ਹਰ ਪਹਿਲੂ ਤੋਂ ਤਿਆਰ ਕਰਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ। ਜਿਸ ਸਬੰਧੀ ਫੈਸਲਾ ਲੈਣ ਲਈ ਅੰਤ੍ਰਿੰਗ ਕਮੇਟੀ ਦੀ ਵਿਚਾਰ ਕਰਕੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਉਪਰੋਕਤ ਫੈਸਲੇ ਬਾਰੇ ਦੱਸਿਆ ਹੈ, ਇਸ ਫੈਸਲੇ ਦੀ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂਬਰਾਂ ਸਮੇਤ ਸੌਂਪੀ ਗਈ। ਅਣਸੰਕਿਰਤੀ ਕਮਿਊਨਿਕੀਸ਼ਨ ਨੂੰ ਯੂ-ਟਿਊਬ ਪ੍ਰਸਾਰਣ ਲਈ ਟੈਂਡਰ ਪਾਸ ਕਰ ਕੇ ਕੰਮ ਸੌਂਪਿਆ ਗਿਆ ਹੈ ਇਸ ਤੋਂ ਇਲਾਵਾ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਐਸਜੀਪੀਸੀ ਆਪਣਾ ਸਾਈਟ ਚੈਨਲ ਬਣਾਉਣ ਦੇ ਲਈ ਵੀ ਭਾਰਤ ਸਰਕਾਰ ਦੀ ਬਰੋਡਕਾਸਟਿੰਗ ਮਨਿਸਟਰੀ ਨਾਲ ਗੱਲਬਾਤ ਕਰ ਰਹੀ ਹੈ ਜਲਦ ਹੀ ਆਪਣਾ ਸੇਟਲਾਈਟ ਚੈਨਲ ਵੀ ਐਸਜੀਪੀਸੀ ਸ਼ੁਰੂ ਕਰੇਗੀ।