ਅੰਮ੍ਰਿਤਸਰ:ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ ਤੋਂ ਬਾਅਦ ਪੰਥ ਦੇ ਨਾਂਅ ਇਕ ਅਹਿਮ ਸੰਦੇਸ਼ ਜਾਰੀ ਕੀਤਾ।ਉਨ੍ਹਾਂ ਨੇ ਮੌਜੂਦਾ ਕੌਮੀ ਹਾਲਾਤਾਂ ਦੇ ਮੱਦੇਨਜ਼ਰ ਪੰਥਕ ਏਕਤਾ ਦੀ ਉਤੇ ਜ਼ੋਰ (Emphasis on Panthic unity) ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੂੰ ਚੁਫੇਰਿਓਂ ਸਿਧਾਂਤਕ ਤੇ ਸਰੀਰਕ ਮਾਰੂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲਾਂ ਤੋਂ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਵੀ ਇਸੇ ਚੁਣੌਤੀਪੂਰਨ ਵਰਤਾਰੇ ਦਾ ਇਕ ਹਿੱਸਾ ਹਨ। ਸਿੱਖਾਂ ਦੀ ਜਿੰਦ-ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਤੱਕ ਬੇਅਦਬੀ ਦੀ ਘਟਨਾ ਦਾ ਵਾਪਰ ਜਾਣਾ ਸਿੱਖਾਂ ਦੇ ਸਬਰ ਦਾ ਅੰਤ ਵੇਖਣ ਦਾ ਖ਼ਤਰਨਾਕ ਤੇ ਭਿਆਨਕ ਸਿਖਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ ਹੈ ਅਤੇ ਜਦੋਂ ਹਮਲਾਵਰ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚ ਗਏ ਹਨ ਤਾਂ ਕੌਮ ਨੂੰ ਤੁਰੰਤ ਜਾਗਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬੜਾ ਮਾਣਮੱਤਾ ਹੈ। ਸਿੱਖਾਂ ਨੇ ਮੁਗਲ ਕਾਲ ਵੇਲੇ ਬੇਹੱਦ ਬਿਖੜੇ ਅਤੇ ਜ਼ੁਲਮੀ ਸਮਿਆਂ ਵਿਚ ਵੀ ਆਪਸੀ ਇਤਫਾਕ ਉਤੇ ਪੰਥਕ ਏਕਤਾ ਦੇ ਜ਼ਰੀਏ ਜ਼ੁਲਮੀ ਹਨੇਰੀਆਂ ਤੂਫਾਨਾਂ ਨਾਲ ਮੱਥਾ ਲਾ ਕੇ ਪੰਥ ਦੀ ਚੜ੍ਹਦੀਕਲਾ ਬਰਕਰਾਰ ਰੱਖੀ ਹੈ। ਸਾਡੇ ਕੋਲ ਪੰਥਕ ਏਕਤਾ ਦੀ ਅਹਿਮੀਅਤ ਨੂੰ ਸਮਝਣ ਲਈ 100 ਸਾਲ ਪਹਿਲਾਂ ਹੋਂਦ ਵਿਚ ਆਈਆਂ ਦੋ ਅਹਿਮ ਪੰਥਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਪਿਛੋਕੜ ਵਿਚ ਅਕਾਲੀ ਮੋਰਚਿਆਂ ਦਾ ਅਦੁੱਤੀ ਇਤਿਹਾਸ ਹੈ। ਜਿਸ ਦੌਰਾਨ ਸਿੱਖਾਂ ਨੇ ਹਰ ਤਰ੍ਹਾਂ ਦੇ ਰਾਜਨੀਤਕ, ਵਿਚਾਰਕ ਤੇ ਜਾਤੀ ਮਤਭੇਦਾਂ ਤੋਂ ਉੱਪਰ ਉੱਠ ਕੇ ਸੈਂਕੜੇ ਸ਼ਹੀਦੀਆਂ ਦੇ ਕੇ ਅਤੇ ਅਕਹਿ-ਅਸਹਿ ਜ਼ੁਲਮ ਸਹਿਣ ਕਰਕੇ ਜਿੱਥੇ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਤੇ ਸਿੱਖਾਂ ਦੀ ਰਾਜਨੀਤਕ ਹੋਂਦ ਸਥਾਪਿਤ ਕਰਨ ਦੀ ਲੜਾਈ ਜਿੱਤੀ।