ਅੰਮ੍ਰਿਤਸਰ- ਦਿੱਲੀ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹਰ ਪਾਸਿਉਂ ਹਮਾਇਤ ਮਿਲ ਰਹੀ ਹੈ। ਇਸੇ ਤਹਿਤ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਵੀ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਸਾਥ ਦੇਣ ਲਈ ਜਥੇ ਭੇਜੇ ਜਾ ਰਹੇ ਹਨ।
ਰਾਗੀ ਸਿੰਘਾਂ ਦੇ ਜਥੇ ਵੀ ਜਾ ਰਹੇ ਨੇ ਕਿਸਾਨਾਂ ਦੇ ਸੰਘਰਸ਼ ਲਈ ਦਿੱਲੀ ਰਾਗੀ ਉਂਕਾਰ ਸਿੰਘ ਅਤੇ ਭਾਈ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸੰਘਰਸ਼ ਵਿੱਚ ਵਾਰੀ ਸਿਰ ਜਥੇ ਭੇਜੇ ਜਾ ਰਹੇ ਹਨ। ਸਾਰੇ ਰਾਗੀ ਸਿੰਘ ਇਸ ਲਈ ਨਹੀਂ ਜਾ ਸਕਦੇ ਕਿਉਂਕਿ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਵੱਡਾ ਹੈ ਤੇ ਇੱਥੇ ਵੀ ਉਹ ਕੀਰਤਨ ਦੇ ਜ਼ਰੀਏ ਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦਾ ਸਰੀਰ ਅੰਮ੍ਰਿਤਸਰ ਵਿਖੇ ਹੈ ਪਰ ਆਤਮਾ ਕਿਸਾਨੀ ਸੰਘਰਸ਼ ਦੇ ਨਾਲ ਹੈ।ਉਨ੍ਹਾਂ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਸਲਾਮ ਕਰਦੇ ਹਨ ਕਿਉਂਕਿ ਏਨੀ ਠੰਢ ਵਿੱਚ ਉਹ ਮੋਰਚਾ ਸੰਭਾਲੀ ਬੈਠੇ ਹਨ ਤੇ ਗੁਰੂ ਰਾਮਦਾਸ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਹਿੰਮਤ ਤੇ ਹੌਸਲਾ ਬਖ਼ਸ਼ ਰਹੇ ਹਨ।
ਰਾਗੀ ਸਿੰਘਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੱਖ- ਵੱਖ ਪੜਾਵਾਂ ਵਿੱਚ ਪਹੁੰਚ ਕੇ ਦਿੱਲੀ ਵਿਖੇ ਸੰਘਰਸ਼ੀ ਯੋਧਿਆਂ ਲਈ ਕੀਰਤਨ ਦੀ ਸੇਵਾ ਕੀਤੀ ਜਾਵੇਗੀ।