ਵਿਸਾਖੀ ਮਨਾਉਣ ਲਈ ਸੰਗਤ ਦਾ ਜਥਾ ਪਾਕਿਸਤਾਨ ਲਈ ਰਵਾਨਾ ਅੰਮ੍ਰਿਤਸਰ: ਹਰ ਸਿੱਖ ਸਵੇਰੇ-ਸ਼ਾਮ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਕਰਦਾ ਹੈ ਅਤੇ ਗੁਰੂ ਅੱਗੇ ਕੀਤੀ ਅਰਦਾਸ ਕਦੇ ਵੀ ਖਾਲੀ ਨਹੀ ਜਾਂਦੀ। ਹਰ ਸਾਲ ਵੱਖ-ਵੱਖ ਸਮਾਗਮ ਮਨਾਉਣ ਲਈ ਐਸਜੀਪੀਸੀ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਨੂੰ ਪਾਕਿਸਤਾਨ ਦਰਸ਼ਨ ਕਰਨ ਲਈ ਭੇਜਿਆ ਜਾਂਦਾ ਹੈ। ਇਸੇ ਤਹਿਤ ਇਸ ਵਾਰ ਵੀ, ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦਾ ਇੱਕ ਜਥਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਐਤਵਾਰ ਨੂੰ ਰਵਾਨਾ ਹੋਇਆ ਹੈ। 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਵਿੱਚ ਇਹ ਜਥਾ ਪਾਕਿਸਤਾਨ ਵਿੱਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਲਈ ਪੂਰੇ ਉਤਸ਼ਾਹ ਨਾਲ ਨਿਕਲ ਚੁੱਕਾ ਹੈ।
ਸੰਗਤ ਦੇ ਚਿਹਰਿਆਂ ਉੱਤੇ ਖੁਸ਼ੀ :ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ ਵਿੱਚ ਜਾ ਰਹੇ ਸ਼ਰਧਾਲੂਆਂ ਨੇ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਬਹੁਤ ਖੁਸ਼ੀ ਹੈ ਕਿ ਉਹ ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ। ਸੰਗਤ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ, ਨਨਕਾਣਾ ਸਾਹਿਬ ਗੁਰਦੁਆਰਾ, ਸੱਚਾ ਸੌਦਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਹੋਰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ ਉਹ ਭਾਰਤ ਵਾਪਸ ਆਉਣਗੇ।
ਪਾਕਿਸਤਾਨ 'ਚ ਅੰਮ੍ਰਿਤ ਸੰਚਾਰ :ਸ਼੍ਰੋਮਣੀ ਕਮੇਟੀ ਵੱਲੋਂ ਜਥੇ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਸੰਗਤ ਨੂੰ ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਗਿਆ। ਇਹ ਜਥਾ ਪਾਕਿਸਤਾਨ ਵਿੱਚ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰੇਗਾ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਹੋ ਰਹੇ ਪਾਕਿਸਤਾਨ ਸਮਾਗਮਾਂ ਵਿੱਚ ਹਿੱਸਾ ਲਵੇਗਾ ਜਿਸ ਤੋਂ ਬਾਅਦ ਅੰਮ੍ਰਿਤ ਸੰਚਾਰ ਵੀ ਉੱਥੇ ਕੀਤਾ ਜਾਵੇਗਾ।
18 ਅਪ੍ਰੈਲ ਨੂੰ ਵਾਪਸ ਭਾਰਤ ਪਰਤੇਗਾ ਜਥਾ: ਜਥੇ ਦੇ ਡਿਪਟੀ ਲੀਡਰ ਵਜੋਂ ਜਾ ਰਹੇ ਬਲਵਿੰਦਰ ਸਿੰਘ ਵੇਈਂਪੂਈਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 1,161 ਸ਼ਰਧਾਲੂਆਂ ਦੇ ਪਾਸਪੋਰਟ ਵੀਜੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 109 ਸ਼ਰਧਾਲੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੇ ਵੀਜੇ ਜਾਰੀ ਨਹੀਂ ਕੀਤੇ। ਉਨ੍ਹਾਂ ਸਰਕਾਰਾਂ ਨੂੰ ਖੁੱਲ੍ਹਦਿਲੀਂ ਨਾਲ ਵੀਜੇ ਦੇਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਸ ਵਾਰ ਉਹ ਆਪਣੇ ਨਾਲ ਰਸਦ ਵੀ ਲੈ ਕੇ ਜਾਣਾ ਚਾਹੁੰਦੇ ਸਨ, ਪਰ ਪਾਕਿਸਤਾਨ ਸਰਕਾਰ ਨੇ ਰਸਦ ਪਾਕਿਸਤਾਨ ਵਿੱਚ ਲੈ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ, ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਸਮਾਗਮਾਂ ਦੌਰਾਨ ਪਾਕਿਸਤਾਨ ਵਿੱਚ ਹੀ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ ਅਤੇ ਇਹ ਜਥਾ 18 ਅਪ੍ਰੈਲ ਨੂੰ ਵਾਪਸ ਭਾਰਤ ਪਰਤੇਗਾ।
ਇਹ ਵੀ ਪੜ੍ਹੋ:Daily Hukamnama 9 April: ਐਤਵਾਰ, ੨੭ ਚੇਤ, ੯ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ