ਅੰਮ੍ਰਿਤਸਰ:ਪੰਜਾਬ ਸਰਕਾਰ ਵਲੋਂ ਜਲ੍ਹਿਆਂਵਾਲਾ ਬਾਗ਼ ਨੂੰ ਨਵੀਨੀਕਰਨ ਕਰਨ ਵਜੋਂ ਬੰਦ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਹਰ ਆਮ ਵਿਅਕਤੀ ਨੂੰ ਅੰਦਰ ਜਾਣ ਤੋਂ ਮਨਾਹੀ ਸੀ। ਜਿਸ ਦੇ ਚੱਲਦਿਆਂ ਲੱਗਭਗ ਡੇਢ ਸਾਲ ਜਲ੍ਹਿਆਂਵਾਲਾ ਬਾਗ਼ ਨੂੰ ਬੰਦ ਕੀਤਾ ਗਿਆ। ਇਸ ਦੇ ਨਵੀਨੀਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਮੁੜ ਜਲ੍ਹਿਆਂਵਾਲਾ ਬਾਗ਼ ਨੂੰ ਵਰਚੁਅਲ ਢੰਗ ਨਾਲ ਲੋਕ ਅਰਪਣ ਕੀਤਾ ਗਿਆ।
20 ਕਰੋੜ ਦੀ ਲਾਗਤ ਆਈ ਖਰਚ
ਸਰਕਾਰ ਵਲੋਂ ਜਲ੍ਹਿਆਂਵਾਲਾ ਬਾਗ਼ ਨੂੰ ਨਵੀਨੀਕਰਨ ਕਰਨ ਸਬੰਧੀ ਕਰੀਬ 20 ਕਰੋੜ ਦੀ ਲਾਗਤ ਖਰਚ ਕੀਤੀ ਗਈ। ਜਲ੍ਹਿਆਂਵਾਲਾ ਬਾਗ਼ ਦੇ ਲੋਕ ਅਰਪਣ ਹੋਣ ਤੋਂ ਬਾਅਦ ਹੀ ਜਿਥੇ ਸ਼ਹੀਦਾਂ ਦੇ ਪਰਿਵਾਰਾਂ 'ਚ ਰੋਸ ਹੈ ਅਤੇ ਉਹ ਇਸ ਨਵੀਨੀਕਰਨ ਦਾ ਵਿਰੋਧ ਕਰ ਰਹੇ ਹਨ,ਉਥੇ ਹੀ ਇਸ ਨੂੰ ਲੈਕੇ ਸਿਆਸਤ ਵੀ ਗਰਮਾ ਗਈ। ਜਿਸ ਨੂੰ ਲੈਕੇ ਵਿਰੋਧੀ ਪਾਰਟੀਆਂ ਵਲੋਂ ਸਰਕਾਰ 'ਤੇ ਨਿਸ਼ਾਨੇ ਵੀ ਸਾਧੇ ਗਏ। ਇਸ ਨੂੰ ਲੈਕੇ ਸ਼ਹੀਦਾਂ ਦੇ ਪਰਿਵਾਰਾਂ ਵਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸਰਕਾਰ ਵਲੋਂ ਸ਼ਹੀਦਾਂ ਦੀਆਂ ਵਿਰਾਸਤਾਂ ਨਾਲ ਛੇੜਛਾੜ ਕਰਦਿਆਂ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਮਨਿਸਟਰੀ ਆਫ ਕਲਚਰ ਨੂੰ ਪੱਤਰ
ਜਲ੍ਹਿਆਂਵਾਲਾ ਬਾਗ਼ 'ਚ ਹੋਏ ਨਵੀਨੀਕਰਨ ਦੇ ਵਿਰੋਧ 'ਚ ਜਲ੍ਹਿਆਂਵਾਲਾ ਬਾਗ਼ ਫਰੀਡਮ ਫਾਈਟਰ ਫਾਉਂਡੇਸ਼ਨ ਵਲੋਂ ਮਨਿਸਟਰੀ ਆਫ ਕਲਚਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਇਸ 'ਚ ਉਨ੍ਹਾਂ ਮੰਗ ਕੀਤੀ ਹੈ ਕਿ ਜਲ੍ਹਿਆਂਵਾਲਾ ਬਾਗ਼ 'ਚ ਨਵੀਨੀਕਰਨ ਦੌਰਾਨ ਸ਼ਹੀਦਾਂ ਦੀ ਵਿਰਾਸਤ ਨਾਲ ਹੋਈ ਛੇੜਛਾੜ ਨੂੰ ਸਹੀ ਕੀਤਾ ਜਾਵੇ। ਇਸ ਨੂੰ ਲੈਕੇ ਸ਼ਹੀਦਾਂ ਦੇ ਪਰਿਵਾਰਾਂ ਵਲੋਂ 11 ਸੂਤਰੀ ਏਜੰਡਾ ਤਿਆਰ ਕਰਕੇ ਭੇਜਿਆ ਗਿਆ ਹੈ।
ਕੀ ਕੁਝ ਕੀਤਾ ਬਦਲਾਅ ?
- ਸ਼ਹੀਦਾਂ ਦੇ ਪਰਿਵਾਰਾਂ ਦਾ ਕਹਿਣਾ ਕਿ ਨਵੀਨੀਕਰਨ ਦੇ ਨਾਮ 'ਤੇ ਸਭ ਤੋਂ ਪਹਿਲਾਂ ਬਾਗ਼ 'ਚ ਦਾਖ਼ਲ ਹੋਣ ਵਾਲੀ ਗਲੀ 'ਚ ਬੁੱਤ ਲਗਾਏ ਗਏ ਹਨ, ਜੋ ਬਿਲਕੁਲ ਗਲਤ ਹਨ। ਉਨ੍ਹਾਂ ਮੰਗ ਕੀਤੀ ਕਿ ਬੁੱਤ ਹਟਾਉਣੇ ਚਾਹੀਦੇ ਹਨ।
- ਇਸ ਦੇ ਨਾਲ ਹੀ ਜਲ੍ਹਿਆਂਵਾਲਾ ਬਾਗ਼ ਵਿਚਲੇ ਖੂਹ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਦਿੱਖ ਦੇ ਚੱਕਰ 'ਚ ਪੁਰਾਤਨ ਖੂਹ ਨਾਲ ਛੇੜਛਾੜ ਕੀਤੀ ਗਈ ਹੈ।
- ਇਸ ਦੇ ਨਾਲ ਹੀ ਉਨ੍ਹਾਂ ਦਾ ਰੋਸ ਹੈ ਕਿ ਜਲ੍ਹਿਆਂਵਾਲਾ ਬਾਗ਼ 'ਚ ਬਣੀ ਅਮਰਜੋਤੀ ਦੀ ਥਾਂ ਬਦਲ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਅਮਰਜੋਤੀ ਨੂੰ ਉਸ ਦੀ ਪੁਰਾਣੀ ਥਾਂ 'ਤੇ ਬਣਾਉਣਾ ਚਾਹੀਦਾ ਹੈ।
- ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਫੋਟੋ ਗੈਲਰੀ ਜਿਥੋਂ ਸ਼ਹੀਦਾਂ ਦੀਆਂ ਤਸਵੀਰਾਂ ਗਾਇਬ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਫੋਟੋ ਗੈਲਰੀ 'ਤੇ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਸਬੰਧੀ ਜਾਣਕਾਰੀ ਦਿੰਦੀ।
- ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਝਾ ਮਜ਼ਾਕ ਕਰਦਿਆਂ ਜਲ੍ਹਿਆਂਵਾਲਾ ਬਾਗ਼ ਦੀ ਪਹਿਚਾਣ ਮੋਨੋਮੈਂਟ 'ਤੇ ਡੀ.ਜੇ ਵਾਲੀਆਂ ਲਾਈਟਾਂ ਲਗਾਈਆਂ ਹਨ, ਜਿਸ ਨਾਲ ਇੰਝ ਲੱਗਦਾ ਹੈ ਜਿਵੇਂ ਕਿਸੇ ਵਿਆਹ ਸਮਾਗਮ 'ਚ ਹੋਣ, ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ਹੀਦਾਂ ਨਾਲ ਅਜਿਹਾ ਮਜ਼ਾਕ ਬਰਦਾਸ਼ਤ ਨਹੀਂ ਹੈ।
ਰਾਹੁਲ ਗਾਂਧੀ ਦੇ ਬਿਆਨ 'ਤੇ ਕੈਪਟਨ ਦਾ ਪਲਟਵਾਰ
ਜਲ੍ਹਿਆਂਵਾਲਾ ਬਾਗ਼ ਦੇ ਹੋਏ ਨਵੀਨੀਕਰਨ ਤੋਂ ਬਾਅਦ ਇਸ ਮੁੱਦੇ ਨੂੰ ਲੈਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ। ਇਸ 'ਚ ਵਿਰੋਧੀ ਧਿਰਾਂ ਵਲੋਂ ਸਰਕਾਰ ਦੇ ਨਿਸ਼ਾਨੇ ਸਾਧੇ ਗਏ। ਰਾਹੁਲ ਗਾਂਧੀ, ਸੀਪੀਆਈ ਐਮ ਆਗੂ ਸੀਤਾਰਾਮ ਯੇਚੁਰੀ ਸਮੇਤ ਕਈ ਹੋਰ ਰਾਜਸੀ ਧਿਰਾਂ ਨਵੀਨੀਕਰਣ ਨੂੰ ਸ਼ਹੀਦਾਂ ਦਾ ਅਪਮਾਨ ਦੱਸ ਰਹੀਆਂ ਹਨ।