ਜਲੰਧਰ: ਅੱਜਕੱਲ੍ਹ ਦੀ ਦੁਨੀਆ ਵਿੱਚ ਜਿੱਥੇ ਜ਼ਿਆਦਾਤਰ ਲੋਕ ਸਿਰਫ਼ ਆਪਣੇ ਬਾਰੇ ਸੋਚਦੇ ਹਨ ਸਮਾਜ ਵਿੱਚ ਹਰ ਕੋਈ ਆਪਣੇ ਲਈ ਹੀ ਦੌੜ ਵਿੱਚ ਲੱਗਿਆ ਹੋਇਆ ਹੈ ਪਰ ਇਸੇ ਸਮਾਜ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲ ਕੇ ਲੋਕਾਂ ਨੂੰ ਇਸ ਤੋਂ ਜਾਣੂ ਕਰਾਉਣ ਲਈ ਸੇਵਾ ਵਿਚ ਲੱਗੇ ਹੋਏ ਹਨ। ਫਿਰ ਭਾਵੇਂ ਉਹ ਰਸਤਾ ਚਾਹੇ ਕੋਈ ਵੀ ਹੋਵੇ। ਜਲੰਧਰ ਵਿਖੇ ਵੀ ਅਜਿਹੀ ਹੀ ਇੱਕ ਮਹਿਲਾ ਮਨਪ੍ਰੀਤ ਕੌਰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਆਪਣੇ ਢੰਗ ਨਾਲ ਕਰ ਰਹੀ ਹੈ ਤਾਂ ਕਿ ਅੱਜ ਦੀ ਪੀੜ੍ਹੀ ਕਿਤੇ ਇਸ ਇਤਿਹਾਸ ਅਤੇ ਸੱਭਿਆਚਾਰ ਨੂੰ ਭੁੱਲ ਹੀ ਨਾ ਜਾਏ। ਪੇਸ਼ ਹੈ ਮਨਪ੍ਰੀਤ ਕੌਰ ਦੀ ਸਮਾਜ ਦੇ ਪ੍ਰਤੀ ਇਸ ਸੇਵਾ ਦੀ ਇਹ ਖਾਸ ਰਿਪੋਰਟ .....
ਸਿੱਖ ਇਤਿਹਾਸ ਨਾਲ ਜੋੜਨ ਦਾ ਅਨੋਖਾ ਉਪਰਾਲਾ:ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਹੁਣ ਤੱਕ ਆਪਣੇ ਹੱਥਾਂ ਨਾਲ ਸੈਂਕੜੇ ਪੇਂਟਿੰਗਜ਼ ਬਣਾ ਚੁੱਕੀ ਹੈ। ਮਨਪ੍ਰੀਤ ਕੌਰ ਦਾ ਇਹ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਲੱਗ ਗਿਆ ਸੀ। ਹੱਥਾਂ ਵਿਚ ਕਲਾਕ੍ਰਿਤੀਆਂ ਬਣਾਉਣ ਦੀ ਇਹ ਕਲਾ ਸ਼ੁਰੂ ਤੋਂ ਹੀ ਰੱਬ ਨੇ ਮਨਪ੍ਰੀਤ ਕੌਰ ਵਿੱਚ ਕੁੱਟ ਕੁੱਟ ਕੇ ਭਰੀ ਸੀ। ਉਨ੍ਹਾਂ ਦੇ ਮੁਤਾਬਕ ਉਸ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਪੇਂਟਿੰਗ ਇਕ ਅਜਿਹੀ ਮਹਿਲਾ ਦੀ ਬਣਾਈ ਸੀ ਜੋ ਅਸਮਾਨ ਵਿੱਚ ਉੱਡ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੇਂਟਿੰਗ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਸੈਂਕੜੇ ਪੇਂਟਿੰਗਾਂ ਅਤੇ ਲੋਕਾਂ ਦੇ ਪੋਰਟਰੇਟ ਬਣਾਏ। ਅੱਜ ਉਨ੍ਹਾਂ ਦੀਆਂ ਪੇਂਟਿੰਗਜ਼ ਨਾ ਸਿਰਫ ਪੰਜਾਬ ਬਲਕਿ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਉਨ੍ਹਾਂ ਕੋਲੋਂ ਮੰਗਵਾਉਂਦੇ ਹਨ। ਅੱਜ ਮਨਪ੍ਰੀਤ ਕੌਰ ਨੂੰ ਦੁਨੀਆ ਦੇ ਅਲੱਗ ਅਲੱਗ ਕੋਨੇ ਵਿੱਚ ਰਹਿ ਰਿਹਾ ਹਰ ਉਹ ਪੰਜਾਬੀ ਜਾਣਦਾ ਹੈ ਜੋ ਪੇਂਟਿੰਗਜ਼ ਦਾ ਸ਼ੌਂਕ ਰੱਖਦਾ ਹੈ।
ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਂਟਿੰਗਸ ਬਣਾਉਣਾ ਦਾ ਹੈ ਸ਼ੌਂਕ: ਮਨਪ੍ਰੀਤ ਕੌਰ ਦੱਸਦੇ ਨੇ ਕਿ ਉਹ ਇੱਕ ਵਾਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਇਲਾਕੇ ਵਿੱਚ ਇੱਕ ਗੁਰਦੁਆਰਾ ਸਾਹਿਬ ਗਏ ਜਿੱਥੇ ਜਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਪੇਂਟਿੰਗਜ਼ ਨੂੰ ਬਣਾਇਆ ਜਾਵੇ ਅਤੇ ਅੱਜ ਦੀ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਵੇ। ਉਹ ਦੱਸਦੇ ਨੇ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਇਹ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕੀਤੀਆਂ।