ਹਵਾਰਾ ਕਮੇਟੀ ਦੇ ਮੈਂਬਰ ਦਾ ਬਿਆਨ ਅੰਮ੍ਰਿਤਸਰ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਚ ਸਜ਼ਾ ਕੱਟ ਰਹੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਆਗੂ ਅਤੇ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ 10 ਅਗਸਤ ਨੂੰ ਮਾਣਯੋਗ ਅਦਾਲਤ ਦੇ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ ਜਗਤਾਰ ਸਿੰਘ ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ ਅਤੇ ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਚ ਪੇਸ਼ ਕੀਤਾ ਗਿਆ ਸੀ। ਮੰਗਲਵਾਰ ਨੂੰ ਸੁਣਵਾਈ ਨਹੀਂ ਹੋਈ ਅਤੇ ਅਦਾਲਤ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਅਗਲੀ ਸੁਣਵਾਈ 10 ਅਗਸਤ ਨੂੰ ਹੋਵੇਗੀ।
ਉਮੀਦ ਕੇ ਪੇਸ਼ ਕਰੇਗੀ ਸਰਕਾਰ: ਇਸ ਉੱਪਰ ਬੋਲਦੇ ਹੋਏ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਕਿਹਾ ਕਿ ਕਈ ਵਾਰ ਜਗਤਾਰ ਸਿੰਘ ਹਵਾਰਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਪਰ ਸਮੇਂ 'ਤੇ ਸਰਕਾਰਾਂ ਜਾਂ ਏਜੰਸੀਆਂ ਵਲੋਂ ਸੁਰੱਖਿਆ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਵਾਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਚਾਹੇ ਤਾਂ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਸਕਦੀ ਹੈ।
ਸਾਧਨਾਂ ਦੀ ਵਰਤੋਂ ਕਰੇ ਸਰਕਾਰ:ਹਵਾਰਾ ਕਮੇਟੀ ਦੇ ਮੈਂਬਰ ਦਾ ਕਹਿਣਾ ਕਿ ਜਦੋਂ ਸਰਕਾਰਾਂ ਬਲਾਤਕਾਰ ਤੇ ਕਤਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਥਾਂ ਤੋਂ ਦੂਜੀ ਥਾਂ ਹੈਲੀਕਾਪਟਰ ਨਾਲ ਲਿਜਾ ਕੇ ਸ਼ਿਫ਼ਟ ਕਰ ਸਕਦੀਆਂ ਹਨ ਤਾਂ ਜਗਤਾਰ ਸਿੰਘ ਹਵਾਰਾ ਨੂੰ ਕਿਉਂ ਪੇਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਅਦਾਲਤ 'ਚ ਪੇਸ਼ ਕਰਕੇ ਜਗਤਾਰ ਸਿੰਘ ਹਵਾਰਾ ਦੇ ਕੇਸ ਨਿਪਟਾਏ ਜਾਣ ਪਰ ਉਹ ਇਸ ਤਰਾਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਵਾਰ 10 ਤਰੀਕ ਨੂੰ ਹਵਾਰਾ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਅਦਾਲਤ ਨੂੰ ਦਿਖਾਉਣੀ ਚਾਹੀਦੀ ਸਖ਼ਤੀ: ਉਨ੍ਹਾਂ ਕਿਹਾ ਕਿ ਸਰਕਾਰਾਂ ਤੇ ਕਾਨੂੰਨ ਵਿਵਸਥਾ ਦੀ ਲੋਬੀ ਅਦਾਲਤ ਦੇ ਹੁਕਮਾਂ ਨੂੰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਜਗਤਾਰ ਸਿੰਘ ਹਵਾਰਾ ਨੂੰ ਸੁਰੱਖਿਆ ਦਾ ਹਵਾਲਾ ਦੇ ਕੇ ਪੇਸ਼ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਚਾਹੀਦਾ ਕਿ ਸਖ਼ਤੀ ਦਿਖਾ ਕੇ ਹੁਕਮ ਦੇਣ ਕੇ ਜੇ ਹਵਾਰਾ ਨੂੰ ਪੇਸ਼ ਨਹੀਂ ਕਰਦੇ ਤਾਂ ਮੌਕੇ ਦੇ ਅਫ਼ਸਰ 'ਤੇ ਕਾਰਵਾਈ ਕੀਤੀ ਜਾਵੇਗੀ ਤਾਂ ਜਾਂ ਕੇ ਅਦਾਲਤੀ ਹੁਕਮਾਂ ਨੂੰ ਇਹ ਮੰਨਣਗੇ।
ਸਰਕਾਰ ਲਟਕਾ ਰਹੀ ਮਾਮਲੇ: ਇਸ ਦੇ ਨਾਲ ਹੀ ਹਵਾਰਾ ਕਮੇਟੀ ਦੇ ਮੈਂਬਰ ਦਾ ਕਹਿਣਾ ਕਿ ਸਰਕਾਰ ਜਾਣ ਬੁਝ ਕੇ ਮਾਮਲਿਆਂ ਨੂੰ ਲਟਕਾਉਣਾ ਚਾਹੁੰਦੀ ਹੈ ਤਾਂ ਹੀ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਸੁਰੱਖਿਆ ਦਾ ਹਵਾਲਾ ਹੈ ਤਾਂ ਸਰਕਾਰ ਤਕਨੀਕ ਦੀ ਵਰਤੋਂ ਕਰ ਸਕਦੀ ਹੈ ਤੇ ਜਗਤਾਰ ਸਿੰਘ ਹਵਾਰਾ ਨੂੰ ਵੀਡੀਓ ਕਾਨਫਰੰਸ ਰਾਹੀ ਅਦਾਲਤ 'ਚ ਪੇਸ਼ ਕਰ ਸਕਦੀ ਹੈ ਪਰ ਸਰਕਾਰ ਦੇ ਅਜਿਹੇ ਕੋਈ ਇਰਾਦੇ ਨਹੀਂ ਜਾਪਦੇ।