ਅੰਮ੍ਰਿਤਸਰ: 15 ਅਗੱਸਤ ਦਾ ਦਿਨ ਭਾਵੇਂ ਦੇਸ਼ ਵਾਸੀਆਂ ਲਈ ਆਜ਼ਾਦੀ ਦਾ ਦਿਨ ਹੈ, ਪਰ ਅੰਮ੍ਰਿਤਸਰ ਵਾਸੀ ਗਿਆਨੀ ਗੁਰਦੀਪ ਸਿੰਘ ਲਈ ਇਹ ਇੱਕ ਭਿਆਨਕ ਮੰਜਰ ਤੋਂ ਵੱਧ ਕੇ ਕੁੱਝ ਨਹੀਂ, ਜਿਸ ਨੇ ਇਸ ਦਿਨ ਅੱਖਾਂ ਸਾਹਮਣੇ ਆਪਣੇ ਪਰਿਵਾਰ ਦਾ ਕਤਲ ਹੁੰਦੇ ਵੇਖਿਆ।
2019 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ 'ਬੁੱਢੇ ਥੇਹ ਦੀ ਹੂਕ' ਵਿੱਚ ਗਿਆਨੀ ਗੁਰਦੀਪ ਸਿੰਘ ਦੀ ਜੀਵਨੀ 'ਤੇ ਆਧਾਰਤ ਉਸ ਦੌਰ ਦੀ ਯਾਦ ਦਿਵਾਉਂਦੀ ਇੱਕ ਕਹਾਣੀ 'ਜਦੋ ਅਸੀਂ ਇੱਕ ਕਹਾਣੀ ਬਣ ਗਏ' ਛਪੀ ਹੈ।
ਵੰਡ ਦਾ ਉਹ ਭਿਆਨਕ ਮੰਜਰ ਯਾਦ ਕਰਕੇ ਮਨ ਭਰ ਆਉਂਦੈ : ਗਿਆਨੀ ਗੁਰਦੀਪ ਸਿੰਘ ਉਸ ਦੌਰ ਨੂੰ ਯਾਦ ਕਰਦਿਆਂ ਗਿਆਨੀ ਗੁਰਦੀਪ ਸਿੰਘ ਨੇ ਦੱਸਿਆ ਕਿ 15 ਅਗੱਸਤ ਦਾ ਦਿਨ ਯਾਦ ਕਰਕੇ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਤੇ ਰੂਹ ਕੰਬ ਉੱਠਦੀ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਕੋਲ 1947 ਤੋਂ ਪਹਿਲਾਂ ਉਸਦੇ ਪਿਤਾ ਦੀਆਂ ਲਿਖੀਆਂ ਚਿੱਠੀਆਂ ਅਤੇ ਹੋਰ ਸਾਮਾਨ ਵੀ ਯਾਦਗਾਰੀ ਤੌਰ 'ਤੇ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਚੀਜ਼ਾਂ ਉਨ੍ਹਾਂ ਨੂੰ ਪਿਤਾ ਦੇ ਹੋਣ ਦਾ ਅਹਿਸਾਸ ਦਿਵਾਉਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਵੰਡ ਹੋਈ ਹੈ, ਉਸ ਸਮੇਂ ਉਨ੍ਹਾਂ ਦੀ ਉਮਰ 4 ਸਾਲ ਸੀ। ਉਨ੍ਹਾਂ ਦੱਸਿਆ ਕਿ ਇਹ ਸਭ ਉਨ੍ਹਾਂ ਦੀ ਮਾਤਾ ਨੇ ਦੱਸਿਆ ਹੈ, ਜੋ ਉਨ੍ਹਾਂ ਨਾਲ ਵਾਪਰਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਿੰਡ ਢਡੀਪੁਰ ਛਾਪਾ ਅਟਾਰੀ ਬਾਰਡਰ ਤੋਂ ਦੋ-ਢਾਈ ਕਿਲੋਮੀਟਰ ਅੰਦਰ (ਹੁਣ ਪਾਕਿਸਤਾਨ) ਵਾਲੇ ਪਾਸੇ ਹੈ, ਜਦਕਿ ਨਾਨਕਾ ਪਿੰਡ ਹਿੰਦੁਸਤਾਨ ਵਿੱਚ ਹੈ।
ਗਿਆਨੀ ਗੁਰਦੀਪ ਸਿੰਘ ਨੇ ਦੱਸਿਆ ਕਿ 1947 ਦੌਰਾਨ ਜਦੋਂ ਵੰਡ ਦੀ ਖ਼ਬਰ ਫੈਲੀ ਸੀ ਤਾਂ ਉਨ੍ਹਾਂ ਦੇ ਬਜ਼ੁਰਗਾਂ ਨੂੰ ਇਸ ਖੂਨ-ਖਰਾਬੇ ਬਾਰੇ ਉਕਾ ਹੀ ਧਿਆਨ ਵਿੱਚ ਨਹੀਂ ਸੀ, ਪਰ ਜਦੋਂ ਹਿੰਸਾ ਫੈਲਣ ਲੱਗੀ ਤਾਂ ਬਜ਼ੁਰਗਾਂ ਨੇ ਉਸਦੇ ਪਿਤਾ ਲਾਭ ਸਿੰਘ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਜਾਣ ਲਈ ਕਿਹਾ। ਇਸ 'ਤੇ ਉਹ ਪਿੰਡ ਨਰਵੜ ਆ ਗਏ। ਇੱਥੇ ਪੁੱਜੇ ਹੀ ਸਨ ਤਾਂ ਖ਼ਬਰ ਮਿਲੀ ਕਿ ਉਨ੍ਹਾਂ ਦੇ ਬਜ਼ੁਰਗਾਂ ਦਾ ਕਤਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਅਗਲੇ ਦਿਨ ਹੋਰ ਜਥਿਆਂ ਨਾਲ ਅਟਾਰੀ-ਵਾਹਗਾ ਬਾਰਡਰ ਵੱਲ ਆਉਣ ਲੱਗੇ ਤਾਂ ਰਸਤੇ ਵਿੱਚ ਬਲੋਚ ਮਿਲਟਰੀ ਨੇ ਘੇਰ ਲਿਆ ਅਤੇ ਉਸਦੇ ਪਿਤਾ ਦੇ ਗਲ ਵਿੱਚ ਗੋਲੀ ਮਾਰ ਦਿੱਤੀ। ਮੇਰੇ ਅਤੇ ਮੇਰੀ ਮਾਤਾ ਦੇ ਵੀ ਗੋਲੀ ਦੇ ਛਰਲੇ ਵੱਜੇ।
ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਵੀ ਉਹ ਦਿਨ ਯਾਦ ਕਰਕੇ ਉਨ੍ਹਾਂ ਦਾ ਮਨ ਭਰ ਆਉਂਦਾ ਹੈ।