Sawan In Amritsar: ਸਾਉਣ ਮਹੀਨੇ ਖਿੜੇ ਨਵ-ਵਿਆਹੀਆਂ ਦੇ ਚਿਹਰੇ
ਅੰਮ੍ਰਿਤਸਰ: ਪੂਰੇ ਭਾਰਤ ਵਿੱਚ ਸਾਉਣ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਸਾਉਣ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਦੌਰਾਨ ਹੋਣ ਵਾਲੀ ਬਰਸਾਤ ਹਰ ਪਾਸੇ ਹਰਿਆਵਲ ਅਤੇ ਖੁਸ਼ੀਆਂ ਲੈ ਕੇ ਆਉਂਦੀ ਹੈ। ਉੱਥੇ ਹੀ, ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਗਰਿਆਣਾ ਤੀਰਥ ਵਿੱਚ ਸਥਿਤ ਸ੍ਰੀ ਲਕਸ਼ਮੀਨਾਰਾਇਣ ਮੰਦਿਰ ਵਿੱਚ ਇਸ ਮਹੀਨੇ ਦਾ ਕੁਝ ਖਾਸ ਮਹੱਤਵ ਹੈ। ਇਸ ਮਹੀਨੇ ਦੌਰਾਨ ਨਵ-ਵਿਆਹੁਤਾ ਜੋੜਾ ਸੋਨੇ ਦੀ ਬਜਾਏ ਫੁੱਲਾਂ ਦਾ ਵਿਸ਼ੇਸ਼ ਹਾਰ ਸ਼ਿੰਗਾਰ ਪਹਿਨ ਕੇ ਪਹੁੰਚਦਾ ਹੈ। ਇਹ ਜੋੜੇ ਸਾਉਣ ਮਹੀਨੇ ਹਰ ਕਿਸੇ ਦੇ ਮਨ ਨੂੰ ਭਾਉਂਦੇ ਹਨ।
ਇਹ ਦਿਨ ਨਵ-ਵਿਆਹਿਆਂ ਲਈ ਖਾਸ:ਇੱਥੇ ਮੱਥਾ ਟੇਕਣ ਲਈ, ਨਵ-ਵਿਆਹੁਤਾ ਮੰਦਿਰ ਵਿੱਚ ਸੋਨੇ ਦੇ ਗਹਿਣਿਆਂ ਦੀ ਬਜਾਏ ਮੋਤੀ ਅਤੇ ਹੋਰ ਫੁੱਲਾਂ ਦੇ ਹਾਰ ਪਹਿਨਦੀਆਂ ਹਨ। ਆਪਣੇ ਪਰਿਵਾਰ ਦੀ ਭਲਾਈ ਅਤੇ ਪੁੱਤਰ ਦੀ ਪ੍ਰਾਪਤੀ, ਪਤੀ ਦੀ ਲੰਮੀ ਉਮਰ ਲਈ ਭਗਵਾਨ ਲਕਸ਼ਮੀ ਨਰਾਇਣ ਜੀ ਦੇ ਅੱਗੇ ਪ੍ਰਾਰਥਨਾ ਕਰਦੀਆਂ ਹਨ। ਨਵ ਵਿਆਹੀਆਂ ਔਰਤਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਮੰਦਿਰ ਵਿੱਚ ਠਾਕੁਰ ਜੀ ਦਾ ਸ਼ਿੰਗਾਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਨਵੀਂ ਵਿਆਹਿਆ ਔਰਤਾਂ ਫੁੱਲਾਂ ਦੇ ਨਾਲ ਹਾਰ ਸ਼ਿੰਗਾਰ ਕਰਦੀਆਂ ਹਨ।
ਨਵ-ਵਿਆਹੇ ਜੋੜੇ ਮੰਦਿਰ 'ਚ ਹੋਏ ਨਤਮਸਤਕ: ਸਾਉਣ ਮਹੀਨੇ ਵਿਆਹ ਤੋਂ ਬਾਅਦ ਅਪਣੇ ਪਹਿਲੇ ਸਾਉਣ ਮੌਕੇ ਭਗਵਾਨ ਲਕਸ਼ਮੀ ਨਰਾਇਣ ਜੀ ਦੇ ਦਰਸ਼ਨ ਕਰਨ ਪੁੱਜੀਆਂ, ਨਵ ਵਿਆਹੀਆਂ ਔਰਤਾਂ ਗੀਤਿਕਾ, ਪ੍ਰਭਜੀਤ ਕੌਰ ਤੇ ਮਹਿਕ ਨੇ ਕਿਹਾ ਕਿ ਉਹ ਇਸ ਦਿਨ ਦੀ ਖਾਸ ਉਡੀਕ ਕਰਦੀਆਂ ਹਨ। ਇਸ ਦਿਨ ਸੱਜ ਕੇ ਪਹਿਲਾ ਸਾਉਣ ਮਨਾਇਆ ਜਾਂਦਾ ਹੈ। ਪਰਿਵਾਰ ਵਿੱਚ ਸੁੱਖ -ਸ਼ਾਂਤੀ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ। ਉਹ ਅੱਜ ਵੀ ਸਾਉਣ ਮੌਕੇ ਅਪਣੇ ਪਤੀ ਤੇ ਸਹੁਰਾ ਪਰਿਵਾਰ ਨਾਲ ਮੰਦਿਰ ਮੱਥਾ ਟੇਕਣ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਫੁੱਲਾਂ ਨਾਲ ਹਾਰ-ਸ਼ਿੰਗਾਰ ਕਰਕੇ ਉਹ ਅੱਜ ਬੇਹਦ ਖੁਸ਼ ਹਨ।
ਪਿਛਲੇ 10 ਸਾਲਾਂ ਤੋਂ ਦੁਕਾਨ ਚਲਾ ਰਹੇ, ਕਿਹਾ- ਸਾਉਣ ਮਹੀਨੇ ਲੱਗਦੀਆਂ ਰੌਣਕਾਂ : ਇਸ ਮਹੀਨੇ ਵਿੱਚ ਸ਼੍ਰੀ ਕ੍ਰਿਸ਼ਨ ਰਾਧਾ ਜੀ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਹੀ ਕਾਰਨ ਹੈ ਕਿ ਮੰਦਰ ਵਿੱਚ ਵੀ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਮੂਰਤੀਆਂ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਇਸ ਮਹੀਨੇ ਦੌਰਾਨ ਨਵੇਂ ਵਿਆਹੇ ਜੋੜੇ ਫੁੱਲਾਂ ਨਾਲ ਸਜਾਏ ਮੰਦਰ ਵਿੱਚ ਆਉਂਦੇ ਹਨ ਅਤੇ ਭਗਵਾਨ ਅੱਗੇ ਅਰਦਾਸ ਕਰਦੇ ਹਨ। ਇਸ ਮੌਕੇ ਉੱਥੇ ਦੁਕਾਨਦਾਰ ਰਜਿੰਦਰ ਮਿਸ਼ਰਾ ਨੇ ਦੱਸਿਆ ਕਿ ਉਹ ਕਰੀਬ 10 ਸਾਲ ਤੋਂ ਇੱਥੇ ਦੁਕਾਨ ਚਲਾ ਰਿਹਾ ਹੈ, ਜਿੱਥੇ ਪੂਜਾ ਸਮਗਰੀ ਤੇ ਹਾਰ-ਸ਼ਿੰਗਾਰ ਦਾ ਸਾਮਾਨ ਮਿਲਦਾ ਹੈ। ਉਸ ਨੇ ਦੱਸਿਆ ਕਿ ਸਾਉਣ ਮਹੀਨੇ ਇਸ ਤਰ੍ਹਾਂ ਮੰਦਿਰ ਵਿੱਚ ਨਵ-ਵਿਆਹਿਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਉਸ ਨੇ ਦੱਸਿਆ ਕਿ ਸਾਉਣ ਮਹੀਨੇ 10-15 ਹਜ਼ਾਰ ਰੁਪਏ ਉਹ ਕਮਾ ਲੈਂਦੇ ਹਨ, ਹਾਲਾਂਕਿ ਆਮ ਦਿਨਾਂ ਵਿੱਚ ਇੰਨੀ ਕਮਾਈ ਨਹੀਂ ਹੁੰਦੀ। ਉਸ ਨੇ ਕਿਹਾ ਸਾਉਣ ਮਹੀਨਾ ਹਰ ਕਿਸੇ ਲਈ ਖਾਸ ਹੁੰਦਾ ਹੈ ਅਤੇ ਸਭ ਲਈ ਖੁਸ਼ੀਆਂ ਭਰਿਆ ਰਹੇ।