ਅੰਮ੍ਰਿਤਸਰ:ਮਾਮਲਾ ਅੰਮ੍ਰਿਤਸਰ ਦੇ ਥਾਣਾ ਕੰਬੋਅ ਦੇ ਅਧੀਨ ਆਉਦੇ ਨੌਸ਼ਹਿਰਾ ਨੰਗਲੀ ਪਿੰਡ ਦਾ ਹੈ ਜਿੱਥੇ ਪ੍ਰਾਈਵੇਟ ਫਾਇਨਾਂਸ਼ ਦਾ ਕੰਮ ਕਰਨ ਵਾਲੇ ਨੌਜਵਾਨ ਨਾਲ ਹੋਈ ਲੁੱਟ ਦੌਰਾਨ ਦੋ ਮੋਟਰਸਾਈਕਲ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਉਸਦਾ ਹੱਥ ਵੱਢ ਦਿੱਤਾ ਤੇ ਉਸ ਕੋਲੋਂ ਉਗਰਾਹੀ ਦੇ 1500 ਰੁਪਏ ਲੈ ਕੇ ਲੁਟੇਰੇ ਫਰਾਰ ਹੋ ਗਏ। ਇਸ ਘਟਨਾ ਦੀਆਂ ਤਸਵੀਰਾਂ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਜੋ ਕਿ ਦੋ ਸਿੱਖ ਨੌਜਵਾਨ ਹਨ ਅਤੇ ਇੱਕ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਹੈ।
ਥਾਣਾ ਕੰਬੋਅ ਦੇ ਪੁਲਿਸ ਜਾਂਚ ਅਧਿਕਾਰੀ ਮੁਤਾਬਿਕ ਲੁੱਟ ਦਾ ਸ਼ਿਕਾਰ ਹੋਇਆ ਇਹ ਨੌਜਵਾਨ ਵੈਸਟ ਬੰਗਾਲ ਦਾ ਰਹਿਣ ਵਾਲਾ ਹੈ।ਪੁਲਿਸ ਨੇ ਦੱਸਿਆ ਕਿ ਪੀੜਤ ਨੂੁੂੰ ਆਲੇ ਦੁਆਲੇ ਦੇ ਲੋਕਾਂ ਵਲੋਂ ਜ਼ਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੌਣ ਹਨ ਨਿਹੰਗ,ਉਨ੍ਹਾਂ ਦੇ ਇਤਿਹਾਸ ‘ਤੇ ਇੱਕ ਝਾਤ
ਨਿਹੰਗਾਂ ਦਾ ਇਤਿਹਾਸ ਕਾਫੀ ਪੁਰਾਣਾ ਰਿਹਾ ਹੈ। ਉਹ ਆਪਣੇ ਆਪ ਨੂੰ ਸਿੱਖਾਂ ਦਾ ਯੋਧਾ ਮੰਨਦੇ ਹਨ। ਖਾਲਸਾ ਪੰਥ ਤੋਂ ਉਨ੍ਹਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਸਨ 1699 ਵਿੱਚ ਕੀਤੀ ਸੀ। ਨਿਹੰਗ ਆਪਣੇ ਆਪ ਨੂੰ ਗੁਰੂ ਦੀ ਲਾਡਲੀ ਫੌਜ ਮੰਨਦੇ ਹਨ।
18ਵੀਂ ਸਦੀ ਵਿੱਚ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਕਈ ਵਾਰ ਹਮਲਾ ਕੀਤਾ ਸੀ। ਨਿਹੰਗਾਂ ਨੇ ਉਨ੍ਹਾਂ ਦੇ ਖਿਲਾਫ਼ ਸਿੱਖਾਂ ਦੇ ਵੱਲੋਂ ਲੜਾਈ ਲੜੀ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਨਿਹੰਗਾਂ ਦੀ ਕਾਫੀ ਖਾਸ ਭੂਮਿਕਾ ਸੀ। ਨਿਹੰਗਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਹਨ। ਕੁਝ ਇਸ ਨੂੰ ਖ਼ਾਲਸਾ ਫੌਜ ਤੋਂ ਬਾਹਰ ਸਮਝਦੇ ਹਨ। ਜਿਸ ਤਰ੍ਹਾਂ ਉਦਾਸੀ ਸੰਪਰਦਾ ਅਤੇ ਨਿਰਮਲ ਸੰਪਰਦਾ ਦਾ ਇਤਿਹਾਸ ਸਪਸ਼ਟ ਤੌਰ ਉੱਤੇ ਪ੍ਰਗਟ ਹੁੰਦਾ ਹੈ, ਨਿਹੰਗਾਂ ਦੇ ਮੂਲ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ।
ਉਹ ਚਮੜੇ ਦੀਆਂ ਜੁੱਤੀਆਂ ਅਤੇ ਨੀਲੇ ਕੱਪੜੇ ਪਹਿਨਦੇ ਹਨ। ਉਨ੍ਹਾਂ ਦੀਆਂ ਜੁੱਤੀਆਂ ਦੇ ਅਗਲੇ ਹਿੱਸੇ ਵਿੱਚ ਧਾਤ ਲੱਗਾ ਹੁੰਦਾ ਹੈ। ਉਨ੍ਹਾਂ ਦੀ ਪੱਗ ਆਕਰਸ਼ਕ ਹੁੰਦੀ ਹੈ। ਪੱਗ ਬਹੁਤ ਵੱਡੀ ਹੁੰਦੀ ਹੈ। ਪੱਗ ਵਿੱਚ ਖੰਡਾ ਸਾਹਿਬ ਦੀ ਨਿਸ਼ਾਨੀ ਲੱਗਾ ਹੁੰਦਾ ਹੈ। ਨਿਹੰਗਾਂ ਦੇ ਆਪਣੇ ਡੇਰੇ ਹੁੰਦੇ ਹਨ। ਉਨ੍ਹਾਂ ਦੀ ਜੀਵਨ ਸ਼ੈਲੀ ਬਿਲਕੁੱਲ ਵੱਖਰੀ ਹੁੰਦੀ ਹੈ।
ਇਹ ਸੀ ਨਿਹੰਗ ਸਿੰਘਾਂ ਦਾ ਗੌਰਵਮਈ ਇਤਿਹਾਸ ਜਿਸਨੂੰ ਦੇਖ ਕੇ ਜਾਂ ਫਿਰ ਪੜ੍ਹ ਸੁਣ ਕੇ ਹਰ ਕੋਈ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਹੈ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਤੋਂ ਵਾਪਰੀਆਂ ਹਨ ਉਸਨੇ ਹਰ ਇੱਕ ਦੇ ਮਨ ਨੂੰ ਡੂੰਘੀ ਠੇਸ ਪਹੁੰਚਾਈ ਹੈ।