ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦਾ ਸਾਂਝਾ ਐਕਸ਼ਨ ਅੰਮ੍ਰਿਤਸਰ: ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕੋਰਡ ਐਂਡ ਸਰਚ ਆਪ੍ਰੇਸ਼ਨ ਚਲਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਜਿਸ ਤਹਿਤ ਐਸ.ਐਸ.ਪੀ ਦਿਹਾਤੀ ਅਤੇ ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ (ਪੀ.ਬੀ.ਆਈ) ਦੀ ਨਿਗਰਾਨੀ ਹੇਠ ਥਾਣਾ ਲੋਪੋਕੇ ਦੇ ਮੁਖੀ ਯਾਦਵਿੰਦਰ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਪਿੰਡ ਮਾਨਾਂਵਾਲਾ ਅਤੇ ਮੁਮੰਦ ਸੌੜੀਆ ਵਿਖੇ ਤਲਾਸ਼ੀ ਲਈ ਗਈ।
ਲੱਖਾਂ ਲੀਟਰ ਨਾਜਾਇਜ਼ ਸ਼ਰਾਬ ਬਰਾਮਦ: ਪਿੰਡ ਮਾਨਾਂਵਾਲਾ ਤੋਂ ਸੁਖਜਿੰਦਰ ਸਿੰਘ ਦੇ ਘਰੋਂ 2 ਲੱਖ 10 ਹਜ਼ਾਰ ਐਮ.ਐਲ ਨਜਾਇਜ਼ ਸ਼ਰਾਬ, 9100 ਲੀਟਰ ਲਾਹਣ, ਇੱਕ ਚਾਲੂ ਭੱਠੀ ਅਤੇ ਡਰੰਮਾਂ ਬਰਾਮਦ ਕਰਨ ਤੋਂ ਇਲਾਵਾ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਮੁਮੰਦ ਸੌੜੀਆ ਤੋਂ ਬਲਰਾਜ ਸਿੰਘ ਦੇ ਘਰੋਂ 20 ਲੀਟਰ ਲਾਹਣ, ਇੱਕ ਚਾਲੂ ਭੱਠੀ ਬਰਾਮਦ ਕੀਤੀ ਗਈ। ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਿੰਡ ਭਿੰਡੀਸੈਦਾ ਵਿਖੇ ਵੀ ਰੇਡ ਦੌਰਾਨ ਤਰਸੇਮ ਸਿੰਘ ਅਤੇ ਉਸ ਦੀ ਪਤਨੀ ਨੂੰ ਕਾਬੂ ਕੀਤਾ ਗਿਆ ਹੈ।
ਐਕਸਾਈਜ਼ ਅਤੇ ਪੁਲਿਸ ਦਾ ਸਾਂਝਾ ਆਪ੍ਰੇਸ਼ਨ:ਐਕਸਾਈਜ਼ ਵਿਭਾਗ ਦੀ ਅਧਿਕਾਰੀ ਰਾਜਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਮੁਲਜ਼ਮ ਪਤੀ-ਪਤਨੀ ਦੇ ਕੋਲੋਂ 45 ਬੋਤਲਾਂ ਸ਼ਰਾਬ ਅਤੇ 100 ਕਿੱਲੋ ਲਾਹਣ ਬ੍ਰਾਮਦ ਕਰਕੇ ਇਨ੍ਹਾਂ ਦੋਵਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੇ ਸਹਿਯੋਗ ਦੇ ਨਾਲ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ । ਭਾਰੀ ਮਾਤਰਾ ਵਿੱਚ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਚਾਲੂ ਭੱਠੀਆ ਵੀ ਫੜੀਆਂ ਗਈਆ ਹਨ। ਪੁਲਿਸ ਥਾਣਾ ਲੋਪੋਕੇ ਵਿਖੇ ਉਕਤ ਵਿਅਕਤੀਆਂ ਖ਼ਿਲਾਫ਼ 61-1-14 ਐਕਸਾਇਜ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ।
ਦੱਸ ਦਈਏ ਬੀਤੇ ਸਮੇਂ ਦੌਰਾਨ ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਨੇ ਛਾਪੇਮਾਰੀ ਕਰਦਿਆਂ ਪਿੰਡ ਚਾਂਦੀ ਵਾਲਾ, ਅਲੀ ਕੇ ਅਤੇ ਚੱਕਰ ਦਾ ਬੇਠਾ ਨਜ਼ਦੀਕ ਸਤਲੁਜ ਦਰਿਆ ਕੰਢੇ ਤੋਂ 98,000 ਲੀਟਰ ਦੇ ਕਰੀਬ ਕੱਚੀ ਲਾਹਣ ਅਤੇ 400 ਬੋਤਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਸੀ। ਇਸ ਮੌਕੇ ਵਿਭਾਗ ਨੇ 2 ਚਾਲੂ ਭੱਠੀਆਂ ਵੀ ਬਰਾਮਦ ਕੀਤੀਆਂ ਸਨ। ਵਿਭਾਗ ਅਧੀਕਾਰੀਆਂ ਵੱਲੋਂ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕਰ ਕੇ ਉਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਸੀ।