ਅੰਮ੍ਰਿਤਸਰ : ਜਿਥੇ ਕਦੇ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਹਿੰਦੇ ਸੀ ਉਥੇ ਹੀ ਪੰਜਾਬ ਹੁਣ ਨਸ਼ੇ ਦੇ ਵਗਦੇ ਛੇਵੇਂ ਦਰਿਆ ਨਾਲ ਬਦਨਾਮ ਵੀ ਹੈ। ਇਸ ਕਥਨ ਨੂੰ ਜੇਕਰ ਦੇਖਿਆ ਜਾਵੇ ਤਾਂ ਹੁਣ ਸੱਚ ਵੀ ਕੀਤਾ ਜਾ ਰਿਹਾ ਹੈ ਉਨ੍ਹਾਂ ਨਸ਼ੇ ਦੇ ਸੌਦਾਗਰਾਂ ਵੱਲੋਂ ਜੋ ਕੁਝ ਪੈਸਿਆਂ ਦੀ ਖ਼ਾਤਰ ਆਪਣਾ ਜ਼ਮੀਰ ਆਪਣੀ ਇਨਸਾਨੀਅਤ ਨੂੰ ਗੁਆ ਚੁਕੇ ਹਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧਕੇਲਦੇ ਜਾ ਰਹੇ ਹਨ। ਇਹਨਾਂ ਹੀ ਨਸ਼ੇ ਦੇ ਸੋਦਾਗਰਾਂ ਖਿਲਾਫ ਹੁਣ ਆਮ ਜਨਤਾ ਨੇ ਮੁਹਰੀ ਹੋ ਕੇ ਤਖਤੀਆਂ ਚੁੱਕ ਲਈਆਂ ਹਨ,ਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜੋ ਕੰਮ ਸੂਬੇ ਦੀਆਂ ਸਰਕਾਰਾਂ ਅਤੇ ਪੁਲਿਸ ਨਹੀਂ ਕਰ ਪਾਈ ਉਸ ਕੰਮ ਲਈ ਹੁਣ ਸਾਨੂੰ ਹੀ ਅੱਗੇ ਹੋਣਾ ਪਵੇਗਾ,ਤਾਂ ਹੀ ਪੰਜਾਬ ਦੇ ਨੌਜਵਾਨ ਬਚ ਸਕਣਗੇ ਅਤੇ ਬਦਨਾਮੀ ਜੋ ਪੰਜਾਬ ਦੇ ਮੱਥੇ 'ਤੇ ਲੱਗੀ ਹੈ ਉਹ ਵੀ ਹਟੇਗੀ। ਦਰਅਸਲ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਤੋਂ ਸਾਹਮਣੇ ਆਇਆ ਹੈ। ਜਿਥੇ ਸਥਾਨਕ ਲੋਕ ਨਸ਼ੇ ਖਿਲਾਫ ਸੜਕਾਂ ਉੱਤੇ ਉਤਰ ਕੇ ਨਸ਼ੇ ਦੇ ਸੋਦਾਗਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਸ਼ੇ ਦੀ ਵਿਕਰੀ ਬੰਦ ਨਾ ਕੀਤੀ ਤਾਂ ਉਨਾਂ ਦਾ ਅੰਜਾਮ ਬਹੁਤ ਬੁਰਾ ਹੋਵੇਗਾ।
ਪੁਲਿਸ ਕਰਮੀ ਮੁੱਕਰਦੇ ਨਜ਼ਰ ਆਏ:ਸਮਾਜ ਸੇਵੀ ਹੈਰੀ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿੱਚ ਨਸ਼ਾ ਪੂਰੇ ਧੜੱਲੇ ਨਾਲ ਵਿਕ ਰਿਹਾ ਹੈ। ਜਿਸ ਲਈ ਕੁਝ ਦਿਨ ਪਹਿਲਾਂ ਕੋਟ ਖਾਲਸਾ ਇਲਾਕੇ ਵਿੱਚ ਵਸਨੀਕਾਂ ਵੱਲੋਂ 'ਸੱਚ ਦੀ ਮੀਟਿੰਗ' ਕੀਤੀ ਗਈ ਸੀ,ਕਿ ਕੋਈ ਵੀ ਵਿਅਕਤੀ ਅਗਰ ਨਸ਼ਾ ਵੇਚਦਾ ਹੋਇਆ ਅਤੇ ਨਸ਼ਾ ਪੀਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਉਸ ਮੀਟਿੰਗ ਵਿੱਚ ਮੌਜੂਦ ਥਾਣੇ ਦੇ ਮੁਖੀ ਵੱਲੋਂ ਵੀ ਇਲਾਕਾ ਨਿਵਾਸੀਆਂ ਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਾਨੂੰ ਜਾਣਕਾਰੀ ਦਿਓ ਅਸੀਂ ਕਾਰਵਾਈ ਜਰੂਰ ਕਰਾਂਗੇ। ਨਾਲ ਹੀ ਇਹ ਵੀ ਕਿਹਾ ਕਿ ਸੀ ਕਿ ਨਸ਼ਾ ਵੇਚਣ ਵਾਲਾ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ ਬਖਸ਼ਿਆ ਨਹੀਂ ਜਾਵੇਗਾ। ਪਰ ਜਦੋਂ ਇਹ ਸੱਚ ਕਰਨ ਦੀ ਵਾਰੀ ਆਈ ਤਾਂ ਪੁਲਿਸ ਕਰਮੀ ਮੁੱਕਰਦੇ ਨਜ਼ਰ ਆਏ। ਸਰਬਜੀਤ ਸਿੰਘ ਹੈਰੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜਾਣਕਾਰੀ ਦਿੱਤੀ ਗਈ, ਕਿ ਕੁਝ ਅਧਿਕਾਰੀਆਂ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਹੱਕ ਵਿੱਚ ਭੁਗਤਿਆ ਜਾ ਰਿਹਾ ਹੈ। ਉਨ੍ਹਾਂ ਨੂੰ ਧਮਕੀਆਂ ਭਰੇ ਫ਼ੋਨ ਵੀ ਆ ਰਹੇ ਹਨ।