ਨਸ਼ੇ ਦੇ ਦੈਂਤ ਨੇ ਨਿਗਲੇ ਇਕੋ ਘਰ ਦੇ ਤਿੰਨ ਪੁੱਤ, ਘਰ ਵਿੱਚ ਨਹੀਂ ਬਚਿਆ ਕੋਈ ਆਦਮੀ, ਬਜ਼ੁਰਗ ਔਰਤ ਨੇ ਦੱਸੀ ਹੱਢਬੀਤੀ ਅੰਮ੍ਰਿਤਸਰ : ਪੰਜਾਬ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਹਨ ਉਸ ਵੇਲੇ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਬਹੁਤ ਵੱਡੇ-ਵੱਡੇ ਦਾਅਵੇ ਹਰ ਪਾਰਟੀ ਦੇ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਹਨ, ਪਰ ਜਦੋਂ ਚੋਣਾਂ ਖਤਮ ਹੋ ਜਾਂਦੀਆਂ ਹਨ ਤਾਂ ਸਰਕਾਰਾਂ ਇਸ ਮੁੱਦੇ ਤੋਂ ਲੋਕਾਂ ਧਿਆਨ ਭਟਕਾ ਦਿੰਦੀਆਂ ਹਨ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਚਾਟੀਵਿੰਡ ਪਿੰਡ ਦਾ, ਜਿਥੇ ਕਿ ਨਸ਼ੇ ਦੇ ਦੈਂਤ ਨੇ ਇੱਕ ਪਰਿਵਾਰ ਦੇ ਤਿੰਨ ਮੁੰਡਿਆਂ ਨੂੰ ਨਿਗਲ ਲਿਆ ਅਤੇ ਪਰਿਵਾਰ ਵਿਚ ਹੁਣ ਕੋਈ ਵੀ ਆਦਮੀ ਕਮਾਈ ਕਰਨ ਵਾਸਤੇ ਜਿਉਂਦਾ ਨਹੀਂ ਹੈ ਅਤੇ ਪਰਿਵਾਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ।
ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਉਤੇ ਜਾਣਿਆ ਜਾਂਦਾ ਸੀ, ਪਰ ਜਦੋਂ ਦਾ ਪੰਜਾਬ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ, ਉਸ ਵੇਲੇ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਨਸ਼ੇ ਦੇ ਕਾਰਨ ਹੋ ਚੁੱਕੀ ਹੈ। ਸਰਕਾਰਾਂ ਵੱਡੇ ਦਾਅਵੇ ਕਰ ਰਹੀਆਂ ਹਨ ਕਿ ਪੰਜਾਬ ਵਿੱਚ ਨਸ਼ੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਥੇ ਹੀ ਅੰਮ੍ਰਿਤਸਰ ਦੇ ਚਾਟੀਵਿੰਡ ਪਿੰਡ ਵਿੱਚ ਇਕ ਇਸ ਤਰ੍ਹਾਂ ਦਾ ਪਰਿਵਾਰ ਹੈ ਜਿਥੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਉਸ ਘਰ ਦੇ ਵਿੱਚ ਕੋਈ ਵੀ ਮਰਦ ਨਹੀਂ ਬਚਿਆ, ਜੋ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾ ਸਕੇ।
ਇਹ ਵੀ ਪੜ੍ਹੋ :Immigration Fraud in Pathankot: ਗੈਰਕਾਨੂੰਨੀ ਢੰਗ ਨਾਲ ਇੰਮੀਗ੍ਰੇਸ਼ਨ ਚਲਾਉਣ ਵਾਲੇ ਦੋ ਮੁਲਜ਼ਮ ਗ੍ਰਿਫਤਾਰ, ਪਾਸਪੋਰਟ ਵੀ ਹੋਏ ਬਰਾਮਦ
ਛੋਟੀ ਬੱਚੀ ਨੇ ਸਰਕਾਰ ਨੂੰ ਨਸ਼ਾ ਖਤਮ ਕਰਵਾਉਣ ਦੀ ਲਾਈ ਗੁਹਾਰ :ਨਸ਼ੇ ਨੇ ਇਕ ਹੱਸਦਾ-ਵੱਸਦਾ ਘਰ ਹੀ ਖਾਲੀ ਕਰ ਦਿੱਤਾ। ਇਸ ਘਰ ਵਿੱਚ ਮੌਜੂਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਦੁਹਾਈ ਪਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਵੇ। ਉਥੇ ਹੀ ਪਰਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਵਿਚ ਕਿਸੇ ਵਿਅਕਤੀ ਵੱਲੋਂ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਨ੍ਹਾਂ ਦੀ ਕਿਸਮਤ ਚੰਗੀ ਹੋਣ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ। ਬਜ਼ੁਰਗ ਮਾਤਾ ਨੇ ਮੰਗ ਕੀਤੀ ਕਿ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਕਿ ਆਪੋ ਆਪਣੇ ਬੱਚਿਆਂ ਦਾ ਅਤੇ ਆਪਣੀ ਨੂੰਹ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਸਕਣ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਸਕਣ। ਉਥੇ ਹੀ ਇਕ ਛੋਟੀ ਬੱਚੀ ਦਾ ਵੀ ਕਹਿਣਾ ਹੈ ਕਿ ਨਸ਼ਾ ਜੜ੍ਹ ਤੋਂ ਖਤਮ ਕੀਤਾ ਜਾਵੇ ਅਤੇ ਉਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹੈ ਕਿ ਨਸ਼ੇ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਕਿ ਉਨ੍ਹਾਂ ਦੇ ਘਰ ਵਿੱਚ ਕਦੀ ਵੀ ਸਾਡੇ ਘਰ ਵਰਗਾ ਮਾਹੌਲ ਨਾ ਹੋ ਸਕੇ।