ਅੰਮ੍ਰਿਤਸਰ:ਸੂਬੇ 'ਚ ਦਿਨ ਬਦਿਨ ਅਪਰਾਧ ਵੱਧ ਰਿਹਾ ਹੈ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਇਥੇ ਹੀ ਦਿਨ ਦਿਹਾੜੇ ਲੁੱਟ ਖੋਹ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਅੰਮ੍ਰਿਤਸਰ ਦਿਹਾਤੀ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਕਾਰਨ ਰੋਜਾਨਾ ਆਪਣੇ ਕੰਮ ਕਾਜ ਲਈ ਘਰੋਂ ਬਾਹਰ ਜਾਣ ਵਾਲੇ ਲੋਕਾਂ ਨੂੰ 24 ਘੰਟੇ ਇਹ ਖ਼ੌਫ਼ ਬਣਿਆ ਰਹਿੰਦਾ ਹੈ ਕਿ ਕਿਤੇ ਰਾਹ ਵਿੱਚ ਕੋਈ ਘਟਨਾ ਨਾ ਵਾਪਰ ਜਾਵੇ ਕਿਸੇ ਲੁਟੇਰੇ ਵੱਲੋਂ ਉਹਨਾਂ ਨੂੰ ਸ਼ਿਕਾਰ ਨਾ ਬਣਾ ਲਿਆ ਜਾਵੇ। ਅਜਿਹੀ ਹੀ ਇਕ ਘਟਨਾ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਮੁੱਖ ਥਾਣਾ ਜੰਡਿਆਲਾ ਗੁਰੂ ਦੇ ਪਿੰਡ ਤੋਂ ਵੇਖਣ ਨੂੰ ਮਿਲੀ ਹੈ ਜਿੱਥੇ 4 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਬਜ਼ੁਰਗ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ।
ਅੰਮ੍ਰਿਤਸਰ 'ਚ ਲੁਟੇਰਿਆਂ ਨੇ ਬਜ਼ੁਰਗ ਨੂੰ ਜ਼ਖਮੀ ਕਰਕੇ ਖੋਹਿਆ ਫੋਨ, ਲੋਕਾਂ ਨੇ ਫੜ੍ਹ ਕੇ ਕੀਤੀ ਕੁੱਟਮਾਰ - ਲੋਕਾਂ ਨੇ ਕੀਤੀ ਲੁਟੇਰਿਆਂ ਦੀ ਕੁੱਟਮਾਰ
ਪੰਜਾਬ ਵਿਚ ਵੱਧ ਰਹੇ ਅਪਰਾਧ ਤੋਂ ਅੱਕੇ ਲੋਕ ਹੁਣ ਆਪ ਹੀ ਕਾਨੂੰਨ ਹੱਥ ਵਿੱਚ ਲੈਕੇ ਅਪਰਾਧੀਆਂ ਨੂੰ ਸਬਕ ਸਿਖਾਉਣ ਲਈ ਮਜਬੂਰ ਹਨ। ਅੰਮ੍ਰਿਤਸਰ ਵਿੱਚ ਚਾਰ ਲੁਟੇਰਿਆਂ ਵੱਲੋਂ ਬਜ਼ੁਰਗ ਤੋਂ ਫੋਨ ਖੋਹਣ ਲੱਗੇ ਤਾਂ ਉਹਨਾਂ ਨੂੰ ਜ਼ਖਮੀ ਕਰ ਦਿੱਤਾ।
ਲੋਕਾਂ ਨੇ ਕੀਤੀ ਲੁਟੇਰਿਆਂ ਦੀ ਕੁੱਟਮਾਰ:ਇਸ ਦੌਰਾਨ ਹੋਈ ਹੱਥੋਪਾਈ ਵਿੱਚ ਜਦ ਬਜ਼ੁਰਗ ਵਿਅਕਤੀ ਨੇ ਲੁਟੇਰਿਆਂ ਨੂੰ ਆਪਣਾ ਮੋਬਾਇਲ ਫੋਨ ਨਹੀਂ ਦਿੱਤਾ ਤਾਂ ਗੁੱਸੇ ਵਿੱਚ ਆਏ ਲੁਟੇਰਿਆਂ ਨੇ ਤੇਜਧਾਰ ਹਥਿਆਰਾਂ ਨਾਲ ਵਾਰ ਕਰਦੇ ਹੋਏ ਬਜ਼ੁਰਗ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਪਰ ਇਸ ਸਾਰੀ ਘਟਨਾ ਦੌਰਾਨ ਜਦ ਲੁਟੇਰੇ ਬਜ਼ੁਰਗ ਵਿਅਕਤੀ ਤੋਂ ਮੋਬਾਇਲ ਖੋਹ ਕੇ ਭੱਜਣ ਲੱਗੇ ਤਾਂ ਲੋਕਾਂ ਨੇ ਬਿਨਾ ਆਪਣੀ ਜਾਨ ਦੀ ਪ੍ਰਵਾਹ ਕੀਤੇ ਲੁਟੇਰਿਆਂ ਦਾ ਪਿੱਛਾ ਕੀਤਾ। ਜਿਹਨਾਂ ਵਿੱਚੋਂ 2 ਲੁਟੇਰਿਆਂ ਨੂੰ ਲੋਕਾਂ ਨੇ ਕਾਬੂ ਕਰਕੇ ਰੱਜ ਕੇ ਛਿੱਤਰ ਪਰੇਡ ਕੀਤੀ ਅਤੇ ਵੀਡੀਓ ਵੀ ਬਣਾਈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਆਏ ਦਿਨ ਵੱਧ ਰਹੀਆਂ ਲੁੱਟ ਖੋਹਾਂ ਲਈ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਜ਼ਿਮੇਵਾਰ ਹੈ। ਲੋਕ ਬਹੁਤ ਵਾਰ ਅਜਿਹੀਆਂ ਵਾਰਦਾਤਾਂ ਦੇ ਸ਼ਿਕਾਰ ਹੁੰਦੇ ਹਨ ਅਤੇ ਲੋਕ ਜਦੋਂ ਪੁਲਿਸ ਕੋਲ ਜਾਂਦੇ ਹਨ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਪੁਲਿਸ ਖੁਦ ਅਜਿਹੇ ਅਪਰਾਧੀਆਂ ਨਾਲ ਰਲ ਜਾਂਦੀ ਹੈ।
ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ: ਉਥੇ ਹੀ ਇਸ ਦੌਰਾਨ ਜਦ ਲੋਕਾਂ ਨੇ ਲੁਟੇਰਿਆਂ ਨੂੰ ਰੱਜ ਕੇ ਕੁੱਟਿਆ ਤਾਂ ਕੁਝ ਲੋਕਾਂ ਵੱਲੋਂ ਪੁਲਿਸ ਨੂੰ ਇਤਲਾਹ ਕਰਨ 'ਤੇ ਮੌਕੇ ਤੇ ਪੁੱਜੀ ਜੰਡਿਆਲਾ ਪੁਲਿਸ ਵਲੋਂ ਬੜੀ ਮੁਸ਼ੱਕਤ ਤੋਂ ਬਾਅਦ ਲੋਕਾਂ ਦੀ ਭੀੜ ਵਿਚੋਂ ਲੁਟੇਰਿਆਂ ਨੂੰ ਛੁਡਵਾ ਕੇ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਸਾਰੀ ਘਟਨਾ ਦੌਰਾਨ ਲੋਕਾਂ ਨੇ ਭੜਾਸ ਕੱਢ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਨ੍ਹਾਂ ਲੁਟੇਰਿਆਂ ਦੇ ਹੌਸਲੇ ਵੱਧ ਚੁੱਕੇ ਹਨ ਪਰ ਹੁਣ ਲੋਕ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾ ਕੇ ਹਟਣਗੇ। ਫਿਲਹਾਲ ਜੰਡਿਆਲਾ ਪੁਲਿਸ ਨੇ 2 ਲੁਟੇਰਿਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਫਰਾਰ 2 ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।