ਅੰਮ੍ਰਿਤਸਰ: ਪਿਛਲੇ 51 ਦਿਨ ਤੋਂ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਆਮ ਵਰਗ ਦੀਆਂ ਹੱਕੀ ਮੰਗਾਂ ਨੂੰ ਲੈ ਕੇ, ਕਿਸਾਨ ਮਜ਼ਦੂਰ ਸੰਘਰਜ਼ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ ਸ਼ੁਰੂ ਹੋਏ ਪੰਜਾਬ ਪੱਧਰੀ ਅੰਦੋਲਨ ਦੌਰਾਨ 10 ਜ਼ਿਲ੍ਹਿਆਂ ਵਿਚ ਲੱਗੇ ਡੀਸੀ ਦਫਤਰਾਂ ਦੇ ਮੋਰਚੇ ਅਤੇ 15 ਦਸੰਬਰ ਤੋਂ 15 ਜਨਵਰੀ ਤੱਕ ਲਈ ਐਲਾਨੇ ਗਏ ਟੋਲ ਪਲਾਜ਼ਿਆ ਦੇ ਮੋਰਚੇ ਹੁਣ ਚੁੱਕ ਲਏ ਗਏ ਹਨ।
ਚਾਲਾਂ ਨੂੰ ਸਮਝੇ ਲੋਕ: ਇਸ ਮੌਕੇ ਅੰਮ੍ਰਿਤਸਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਰਚੇ ਤੋਂ ਬੋਲਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਥੇਬੰਦੀ ਦੀ ਅਗਵਾਹੀ ਵਿਚ ਪੰਜਾਬ ਦੇ ਲੋਕਾਂ ਨੇ ਦਿੱਲੀ ਮੋਰਚੇ ਤੋਂ ਬਾਅਦ ਪੰਜਾਬ ਦਾ ਦੂਜਾ ਸਭ ਤੋਂ ਲੰਬਾ ਅੰਦੋਲਨ ਚਲਾ ਕੇ ਦੱਸ ਦਿੱਤਾ ਹੈ ਕਿ ਲੋਕ ਹੱਕੀ ਮੰਗਾਂ ਦੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਹਨ ਅਤੇ ਸਰਕਾਰਾਂ ਦੀਆਂ ਚਾਲਾਂ ਸਮਝ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਿਰਫ ਅੰਦੋਲਨ ਦੇ ਇਹ ਵਾਲੇ ਰੂਪ ਦੇ ਪੜਾਅ ਪੂਰੇ ਹੋਏ ਹਨ, ਜਦਕਿ ਲੋਕ ਮੰਗਾਂ ਦੀ ਪੂਰਤੀ ਲਈ ਅੰਦੋਲਨ ਦੂਜੇ ਵੱਖ ਵੱਖ ਬਦਲਵੇਂ ਜੇ ਰੂਪਾਂ ਵਿਚ ਜਾਰੀ ਹਨ ਅਤੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ |
ਟੋਲ ਮੁੜ ਕਰਾਂਗੇ ਬੰਦ: ਉਨ੍ਹਾਂ ਕਿਹਾ ਕਿ ਭਾਵੇਂ ਅੱਜ ਜਥੇਬੰਦੀ ਆਪਣੇ ਐਲਾਨ ਪ੍ਰੋਗਰਾਮ ਅਨੁਸਾਰ ਟੋਲ ਪਲਾਜ਼ੇ ਖਾਲੀ ਕਰ ਰਹੀ ਹੈ ਪਰ ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਸੜਕਾਂ ਖੁਦ ਬਣਵਾਏ ਜਾਂ ਟੋਲ ਪਲਾਜ਼ਿਆ ਨੂੰ ਜਨਤਕ ਅਦਾਰੇ ਐਲਾਨ ਕੇ ਰੇਟ 75% ਘਟਾਵੇ, ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰੇ ਅਤੇ ਆਵਾਜਾਈ ਦੇ ਸਾਧਨਾਂ ਦੀ ਰਜਿਸਟਰੇਸ਼ਨ ਉੱਤੇ ਰੋਡ ਟੈਕਸ ਲੈਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਲਗਭਗ ਸਾਰੇ ਟੋਲ ਪਲਾਜ਼ਾ ਕੰਪਨੀਆਂ ਕੋਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਪੁਆ ਦਿੱਤੀਆਂ ਗਈਆਂ ਹਨ ਅਤੇ ਟੋਲ ਫੀਸ ਨਾ ਵਧਾਉਣ ਦੀ ਗਰੰਟੀ ਕੀਤੀ ਗਈ ਹੈ, ਪਰ ਜੇਕਰ ਕੋਈ ਕੰਪਨੀ ਇਸ ਦੇ ਉਲਟ ਜਾਂਦੀ ਹੈ ਤਾਂ ਉਸਦੇ ਟੋਲ ਦੋਬਾਰਾ ਬੰਦ ਕਰਵਾਏ ਜਾਣਗੇ।