ਅੰਮ੍ਰਿਤਸਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੋਕਲ ਪੁਆਇੰਟ ਮਹਿਤਾ ਰੋਡ ਵਿਖੇ ਰਾਸ਼ਟਰੀ ਬਿਹਾਰ ਵਿਕਾਸ ਮੰਚ ਅਤੇ ਉਤਰ ਪ੍ਰਦੇਸ਼ ਕਲਿਆਨ ਪ੍ਰੀਸ਼ਦ ਵੱਲੋਂ ਭਗਵਾਨ ਵਿਸ਼ਵਕਰਮਾ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਮੁੱਖ ਮਹਿਮਾਨ ਨੇ ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਕਿਰਤੀ ਵਰਗ ਨੂੰ ਵਧਾਈ ਦਿੱਤੀ।
ਇਸ ਮੌਕੇ ਰਾਸ਼ਟਰੀ ਬਿਹਾਰ ਵਿਕਾਸ ਮੰਚ(National Bihar Development Forum) ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਓਮ ਪ੍ਰਕਾਸ਼ ਸੋਨੀ(Om Prakash Soni) ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਪੂਰੇ ਬ੍ਰਹਿਮੰਡ ਦੇ ਸ਼ਿਲਪਕਾਰ ਹੋਏ ਹਨ। ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਤੇ ਉਦਯੋਗਿਕ ਕ੍ਰਾਂਤੀ ਵਿੱਚ ਵਿਸ਼ਵਕਰਮਾ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਭਾਈਚਾਰਕ ਸਾਂਝ ਤੇ ਸ਼ਾਂਤੀ ਨਾਲ ਨਵੇਂ ਸੰਸਾਰ ਦਾ ਨਿਰਮਾਣ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਿਰਤੀ ਵਰਗ ਦੀ ਭਲਾਈ ਲਈ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਸ੍ਰੀ ਸੋਨੀ ਨੇ ਰਾਸ਼ਟਰੀ ਬਿਹਾਰ ਵਿਕਾਸ ਮੰਚ ਨੂੰ ਮਜ਼ਦੂਰਾਂ ਲਈ ਰੈਨ ਬਸੇਰਾ ਬਣਾਉਣ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਰੈਨ ਬਸੇਰਾ ਬਣਾਉਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਪ੍ਰਵਾਸੀਆਂ ਦਾ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ: ਓਮ ਪ੍ਰਕਾਸ਼ ਸੋਨੀ ਓਮ ਪ੍ਰਕਾਸ਼ ਸੋਨੀ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਕਿਰਤੀ ਵਰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਮਿਹਨਤ ਸਦਕਾ ਹੀ ਦੇਸ਼ ਵਿੱਚ ਉਦਯੋਗਿਕ ਕ੍ਰਾਂਤੀ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹੇ ਗਏ ਹਨ।
ਜਿਥੇ ਨੌਜਵਾਨ ਹੁਨਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਦਾ ਪੰਜਾਬ ਦੇ ਆਰਥਿਕ ਵਿਕਾਸ ਵਿਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਵੱਲੋਂ ਆਪਣੇ ਹੁਨਰ ਦੇ ਨਾਲ ਪੂਰੇ ਬ੍ਰਹਿਮੰਡ ਦੀ ਰਚਨਾ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਭਾਈਚਾਰਕ ਵਰਗ ਵੱਲੋਂ ਆਪਣੇ ਹੁਨਰ ਦੇ ਨਾਲ ਹੀ ਦੇਸ਼ ਨੂੰ ਨਵੀਂਆਂ ਲੀਹਾਂ ਤੇ ਤੋਰਿਆ ਹੈ।
ਉਨ੍ਹਾਂ ਕਿਹਾ ਕਿ ਇਸ ਦਿਨ ਲੋਕ ਆਪਣੇ ਉਦਯੋਗਾਂ ਦੀ ਸਾਫ਼ ਸਫਾਈ ਕਰਕੇ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕਰਕੇ ਉਨ੍ਹਾਂ ਨੂੰ ਬੜੀ ਸ਼ਰਧਾ ਪੂਰਵਕ ਸਿਜਦਾ ਕਰਦੇ ਹਨ ਅਤੇ ਕਾਰੋਬਾਰ ਦੇ ਵਾਧੇ ਦੀ ਕਾਮਨਾ ਕਰਦੇ ਹਨ।
ਇਸ ਤੋਂ ਬਾਅਦ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਫੋਕਲ ਪੁਆਇੰਟ(Deputy Chief Minister Punjab Om Prakash Soni Focal Point) ਵਿਖੇ ਹੀ ਉਤਰ ਪ੍ਰਦੇਸ਼ ਕਲਿਆਨ ਪ੍ਰੀਸ਼ਦ ਵਲੋਂ ਭਗਵਾਨ ਵਿਸ਼ਵਕਰਮਾ ਜੀ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਹੋਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਓਮ ਪ੍ਰਕਾਸ਼ ਸੋਨੀ(Om Prakash Soni) ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ ਹੈ ਅਤੇ ਅੱਜ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਨ ਅਤੇ ਗੋਵਰਧਨ ਪੂਜਾ ਵੀ ਹੈ। ਸੋਨੀ ਨੇ ਕਿਹਾ ਕਿ ਪੰਜਾਬ ਵਿਚ ਭਾਵੇਂ ਵੱਖ ਵੱਖ ਰਾਜਾਂ ਤੋਂ ਲੋਕ ਆਏ ਹੋਏ ਹਨ ਅਤੇ ਸਭ ਤੋਂ ਪਹਿਲਾਂ ਅਸੀ ਸਾਰੇ ਭਾਰਤੀ ਹਾਂ ਅਤੇ ਸਾਨੂੰ ਸਭ ਨੂੰ ਆਪਸ ਵਿਚ ਮਿਲ ਜੁਲ ਕੇ ਆਪਣੇ ਤਿਉਹਾਰ ਮਨਾਉਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਨੇ ਸਾਰੇ ਕਿਰਤੀ ਭਾਈਚਾਰੇ ਨੂੰ ਦਿਵਾਲੀ ਦਾ ਤੋਹਫਾ ਦਿੰਦਿਆਂ 3100-3100 ਰੁਪਏ ਦਿੱਤੇ ਹਨ। ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਸ਼ੁਰੂ ਤੋਂ ਹੀ ਗਰੀਬ ਵਰਗ ਦੇ ਨਾਲ ਖੜੀ ਰਹੀ ਹੈ ਅਤੇ ਸਾਡੀ ਸਰਕਾਰ ਨੇ ਹੁਣ ਬਸੇਰਾ ਸਕੀਮ ਤਹਿਤ ਝੁੱਗੀ ਝੋਪੜੀ ਵਾਲਿਆਂ ਨੂੰ ਪਲਾਟ ਦੇ ਕੇ ਉਸ ਦੇ ਮਾਲਕਾਨਾ ਹੱਕ ਵੀ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ 2 ਕਿਲੋਵਾਟ ਤੱਕ ਬਿਜਲੀ ਦੇ ਸਾਰੇ ਬਕਾਏ ਮਾਫ਼ ਕਰ ਦਿੱਤੇ ਹਨ ਅਤੇ ਬਿਜਲੀ ਵੀ 3 ਰੁਪਏ ਯੂਨਿਟ ਸਸਤੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕਰਨ ਨਾਲ ਪੰਜਾਬ ਦੇਸ਼ ਭਰ ਵਿਚੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਬਣ ਗਿਆ ਹੈ।
ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਜਿਹੜੇ ਪ੍ਰਵਾਸੀ ਪੰਜਾਬ ਵਿਚ ਆ ਕੇ ਵਸੇ ਹਨ, ਨੂੰ ਵੀ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹ ਭਾਵੇਂ ਸਸਤਾ ਰਾਸ਼ਨ ਹੋਵੇ, ਸਰਬਤ ਸਿਹਤ ਬੀਮਾ ਯੋਜਨਾ ਦਾ ਕਾਰਡ, ਅਸ਼ੀਰਵਾਦ ਸਕੀਮ ਆਦਿ ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਬੁਢਾਪਾ ਪੈਨਸ਼ਨ ਅਤੇ ਅਸ਼ੀਰਵਾਦ ਸਕੀਮ ਦੀ ਰਾਸ਼ੀ ਨੂੰ ਵੀ ਦੋਗੁਣਾ ਕਰ ਦਿੱਤਾ ਹੈ। ਇਸ ਮੌਕੇ ਸ਼੍ਰੀ ਸੋਨੀ ਨੇ ਉੱਤਰ ਪ੍ਰਦੇਸ ਕਲਿਆਨ ਪ੍ਰੀਸ਼ਦ ਦੀ ਸਹਾਇਤਾ ਨਾਲ ਦਿਵਿਆਂਗ ਵਿਅਕਤੀਆਂ ਨੂੰ ਵੈਸਾਖੀਆਂ ਅਤੇ ਟਰਾਈ ਸਾਇਕਲ ਵੀ ਭੇਂਟ ਕੀਤੇ। ਇਸ ਮੌਕੇ ਰਾਸ਼ਟਰੀ ਬਿਹਾਰ ਵਿਕਾਸ ਮੰਚ ਅਤੇ ਉਤਰ ਪ੍ਰਦੇਸ ਕਲਿਆਨ ਪ੍ਰੀਸ਼ਦ ਵੱਲੋਂ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ:ਕਿਸਾਨਾਂ ਨੇ ਘੇਰੇ ਗੁਰਪ੍ਰੀਤ ਕਾਂਗੜ, ਭਖੇ ਮਹੌਲ ਦੀਆਂ ਤਸਵੀਰਾਂ ਆਈਆਂ ਸਾਹਮਣੇ