ਅੰਮ੍ਰਿਤਸਰ:ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਦੇ ਅੱਡਾ ਵਿੱਚ ਕੱਪੜੇ ਦੀ ਦੁਕਾਨ ਕਰਦੇ ਸਾਬਕਾ ਹਿਸਾਬ ਅਧਿਆਪਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਪ੍ਰੀਤਮ ਕੌਰ ਦਾ ਬੇਰਹਿਮੀ ਨਾਲ ਲੁਟੇਰਿਆਂ ਨੇ ਕਤਲ ਕਰ ਦਿੱਤਾ।
ਉਨ੍ਹਾਂ ਦਾ ਇਕਲੌਤਾ ਪੁੱਤਰ ਅੰਮ੍ਰਿਤਸਰ ਵਿੱਚ ਰਹਿੰਦਾ ਸੀ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਵਿਆਹੀਆਂ ਹੋਈਆਂ ਸਨ। ਮਾਸਟਰ ਕੁਲਵੰਤ ਸਿੰਘ ਲੰਬਾ ਸਮਾਂ ਸਰਕਾਰੀ ਹਾਈ ਸਕੂਲ ਖਿਆਲਾ ਕਲਾਂ ਵਿੱਚ ਅਧਿਆਪਕ ਰਹੇ ਸਨ ਅਤੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਆਪਣਾ ਘਰ ਵੀ ਖਿਆਲਾ ਅੱਡਾ ਵਿੱਚ ਹੀ ਬਣਾ ਲਿਆ ਸੀ, ਜਿੱਥੇ ਉਹ ਅੱਜਕਲ੍ਹ ਕੱਪੜੇ ਦੀ ਦੁਕਾਨ ਵੀ ਕਰਦੇ ਸਨ। ਉਨ੍ਹਾਂ ਦਾ ਪੁੱਤਰ ਅੰਮ੍ਰਿਤਸਰ ਵਿੱਚ ਰਹਿੰਦਾ ਸੀ ਅਤੇ ਇੱਥੇ ਇਸ ਘਰ ਵਿੱਚ ਉਹ ਦੋਵੇਂ ਪਤੀ ਪਤਨੀ ਹੀ ਰਿਹਾ ਕਰਦੇ ਸਨ।
ਉਨ੍ਹਾਂ ਦੇ ਜਵਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਸਟਰ ਕੁਲਵੰਤ ਸਿੰਘ ਦੀ ਦੋਹਤੀ ਦਾ ਵਿਆਹ ਸੀ ਅਤੇ ਉਨ੍ਹਾਂ ਦੀ ਅੰਮ੍ਰਿਤਸਰ ਵਿੱਚ ਉਡੀਕ ਹੋ ਰਹੀ ਸੀ ਅਤੇ ਸਵੇਰ ਤੋਂ ਹੀ ਸਾਰਾ ਪਰਿਵਾਰ ਉਨ੍ਹਾਂ ਨੂੰ ਫ਼ੋਨ ਕਰ ਰਿਹਾ ਸੀ ਪਰ ਕੋਈ ਵੀ ਫੋਨ ਨਹੀਂ ਸੀ ਚੁੱਕ ਰਿਹਾ। ਉਨ੍ਹਾਂ ਵੱਲੋਂ ਗੁਆਂਢੀਆਂ ਨੂੰ ਵੀ ਫੋਨ ਕੀਤਾ ਗਿਆ ਪਰ ਗੁਆਂਢੀਆਂ ਨੇ ਦੱਸਿਆ ਕਿ ਸਵੇਰ ਦੀ ਦੁਕਾਨ ਵੀ ਨਹੀਂ ਖੁੱਲ੍ਹੀ ਅਤੇ ਨਾ ਹੀ ਕੋਈ ਘਰੋਂ ਬਾਹਰ ਨਿਕਲਿਆ ਹੈ ਸ਼ੱਕ ਪੈਣ 'ਤੇ ਉਹ ਪਰਿਵਾਰ ਸਮੇਤ ਸ਼ਾਮ 6.15 ਵਜੇ ਇੱਥੇ ਪਹੁੰਚੇ ਤਾਂ ਅੰਦਰ ਉਨ੍ਹਾਂ ਦੀਆਂ ਲਾਸ਼ਾਂ ਪਈਆਂ ਸਨ। ਦੋਹਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ ਅਤੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਦੇ ਸਾਰੇ ਸਮਾਨ ਦੀ ਫੋਲਾ ਫਾਲੀ ਕੀਤੀ ਗਈ ਹੈ।