ਅੰਮ੍ਰਿਤਸਰ:ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਪਿਆਰ ਅੰਨ੍ਹਾ ਹੁੰਦਾ ਹੈ ਅਤੇ ਪਿਆਰ ਵਿੱਚ ਅੰਨ੍ਹਾ ਹੋਇਆ ਵਿਅਕਤੀ ਕਿਸੇ ਦਾ ਵੀ ਕਤਲ ਕਰ ਸਕਦਾ ਹੈ। ਲੇਕਿਨ ਤੁਹਾਨੂੰ ਇੱਕ ਅਜਿਰੀ ਖ਼ਬਰ ਦਿਖਾਉਣ ਜਾ ਰਹੇ ਹਾਂ, ਜਿਸ ਵਿੱਚ ਇੱਕ ਪਤਨੀ ਨੇ ਪਿਆਰ ਅੰਨ੍ਹੀ ਹੋਈ ਨੇ ਆਪਣਾ ਹੀ ਸੁਹਾਗ ਉਜਾੜ ਲਿਆ। ਗੌਰਤਲੱਬ ਹੈ ਕਿ ਕੁਝ ਦਿਨ ਪਹਿਲਾਂ ਰਾਜਾਸਾਂਸੀ ਵਿਚ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਤੇ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗ ਰਿਹਾ ਸੀ।
ਇਸ ਕਤਲ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਏਸੀਪੀ ਸ਼ਲੇਂਦਰ ਸ਼ੈਲੀ ਨੇ ਦੱਸਿਆ ਦੇ ਪਿਛਲੇ ਦਿਨਾਂ ’ਚ ਇੱਕ ਨੌਜਵਾਨ ਹਰਦੇਵ ਸਿੰਘ ਉਰਫ ਮੱਸੂ ਦਾ ਭੇਦਭਰੇ ਹਾਲਾਤ ’ਚ ਕਤਲ ਹੋ ਗਿਆ ਸੀ। ਜਿਸ ਸਬੰਧੀ ਥਾਣਾ ਰਾਜਾਸਾਂਸੀ ਦੀ ਪੁਲਿਸ ਵੱਲੋਂ ਇਸ ਕਤਲ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਰਦੇਵ ਸਿੰਘ ਦੇ ਕਤਲ ’ਚ ਕੋਈ ਹੋਰ ਨਹੀਂ ਬਲਕਿ ਉਸਦੀ ਪਤਨੀ ਸ਼ਰਨਜੀਤ ਕੌਰ ਅਤੇ ਉਸਦਾ ਆਸ਼ਿਕ ਤੇ ਇਕ ਹੋਰ ਵਿਅਕਤੀ ਸ਼ਾਮਲ ਸੀ। ਇਸ ਮੌਕੇ ਐਸਪੀ ਸ਼ੈਲੀ ਨੇ ਦੱਸਿਆ ਕਿ ਇਸ ਔਰਤ ਦੇ ਪੁਰਾਣੇ ਨਜਾਇਜ਼ ਸਬੰਧ ਸਨ, ਜਿਸਦੀ ਵਜ੍ਹਾ ਕਾਰਨ ਇਨ੍ਹਾਂ ਤਿੰਨਾਂ ਜਣਿਆਂ ਨੇ ਆਪਸ ਮਿਲ ਕੇ ਹਰਦੇਵ ਨੂੰ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਅਤੇ ਨੀਮ ਬੇਹੋਸ਼ੀ ਦਾ ਹਾਲਤ ’ਚ ਸ਼ਰਨਜੀਤ ਦੀ ਚੁੰਨੀ ਨਾਲ ਹਰਦੇਵ ਸਿੰਘ ਦਾ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ।