ਅੰਮ੍ਰਿਤਸਰ: ਸਾਲ 2020 ਤੋਂ ਕਾਲ ਬਣ ਆਏ ਕੋਰੋਨਾ ਨੇ ਹਰ ਵਿਅਕਤੀ ਦੀ ਰੋਜ਼ੀ ਰੋਟੀ ‘ਤੇ ਡਾਹਢੀ ਲੱਤ ਮਾਰੀ ਹੈ, ਜਿਸ ਕਾਰਣ ਇਸ ਮਹਾਂਮਾਰੀ ਦੌਰਾਨ ਕਈ ਲੋਕ ਕਾਰੋਬਾਰ ਤੋਂ ਹੱਥ ਧੋ ਬੈਠੇ ਹਨ। ਦੂਜੇ ਪਾਸੇ ਇਸ ਸਭ ਦੇ ਦਰਮਿਆਨ ਸਭ ਦਰਮਿਆਨ ਆਏ ਦਿਨ ਸਰਕਾਰ ਵਲੋਂ ਆ ਰਹੇ ਤਰ੍ਹਾਂ ਤਰ੍ਹਾਂ ਦੇ ਫੈਸਲਿਆਂ ਨੇ ਲੋਕਾਂ ਦੇ ਕਾਰੋਬਾਰ ਠੱਪ ਕਰ ਕੇ ਰੱਖ ਦਿੱਤੇ ਹਨ ਅਤੇ ਹਾਲਾਤ ਇਹ ਹਨ ਕਿ ਲੋਕ ਰੋਟੀ ਤੋਂ ਆਤਰ ਹੋ ਚੁੱਕੇ ਹਨ। ਅਸੀਂ, ਅੱਜ ਗੱਲ ਕਰ ਰਹੇ ਹਾਂ ਟੈਕਸੀ ਚਾਲਕਾਂ ਦੀ ਜੋ ਕਾਰੋਬਾਰ ਠੱਪ ਹੋ ਜਾਣ ਕਾਰਣ ਖੂਨ ਦੇ ਅੱਥਰੂ ਰੋ ਰਹੇ ਹਨ।
ਇਸ ਮੌਕੇ ਟੈਕਸੀ ਮਾਲਕ ਸੋਨੀ ਸਰੀਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਤੁਹਾਨੂੰ ਪਤਾ ਕਿ ਲੋਕ ਕਹਿੰਦੇ ਜਦ ਪੈਸੇ ਪੂਰੇ ਦੇਣੇ ਹਨ ਤਾਂ ਸਵਾਰੀਆਂ ਪੂਰੀਆਂ ਬਿਠਾਓ। ਕਈ ਤਾਂ ਮਜ਼ਾਕ ਕਰਦਿਆਂ ਕਹਿੰਦੇ ਹਨ ਕਿ ਦੋ ਲੋਕ ਤਾਂ ਮੋਟਰਸਾਈਕਲ ਤੇ ਵੀ ਚੱਲੇ ਜਾਣਗੇ ਤਾਂ ਟੈਕਸੀ ਦੀ ਕੀ ਜ਼ਰੂਰਤ ਹੈ। ਇਸ ਲਈ ਟੈਕਸੀ ਡਰਾਈਵਰਾਂ ਦੀ ਸਰਕਾਰ ਅੱਗੇ ਮੰਗ ਹੈ ਕਿ ਟੈਕਸੀਆਂ ’ਚ ਪੂਰੀਆਂ ਸਵਾਰੀਆਂ ਬਿਠਾਉਣ ਦੀ ਇਜਾਜਤ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਵੀ ਰੋਜੀ ਰੋਟੀ ਚੱਲਦੀ ਰਹੇ।