ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਪੈਂਦੇ ਪਿੰਡ ਚੋਗਾਵਾਂ ਵਿਖੇ ਨਸ਼ਾ ਤਸਕਰਾਂ ਦੇ ਗਿਰੋਹ ਵੱਲੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ’ਤੇ ਸ਼ੁੱਕਰਵਾਰ ਨੂੰ ਕੀਤੇ ਹਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ ਪੁਲਿਸ ਕਰਮਚਾਰੀਆਂ ਦੀ ਤੁਰੰਤ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ ਹਨ, ਜੋ ਉਸ ਮੌਕੇ ਉਕਤ ਪੁਲਿਸ ਅਧਿਕਾਰੀ ਨਾਲ ਮੌਜੂਦ ਸਨ ਪਰ ਉਨ੍ਹਾਂ ਦੇ ਬਚਾਅ ਲਈ ਕੋਈ ਕਾਰਵਾਈ ਨਹੀਂ ਕੀਤੀ।
ਮੁੱਖ ਮੰਤਰੀ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਛਾਪਾ ਮਾਰਨ ਕਰਨ ਵਾਲੀ ਪੁਲਿਸ ਟੀਮ ਦੀ ਭੂਮਿਕਾ ਬਾਰੇ ਆਈ.ਜੀ ਬਾਰਡਰ ਪਾਸੋਂ ਜਾਂਚ ਕਰਵਾਈ। ਉਕਤ ਟੀਮ ਵਿੱਚ ਪੁਲਿਸ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਮੌਜੂਦ ਸਨ ਜਿਨ੍ਹਾਂ ਨੇ 13 ਸਤੰਬਰ ਦੀ ਸਵੇਰ ਪਿੰਡ ਚੋਗਾਵਾਂ ਵਿਖੇ ਛਾਪਾ ਮਾਰਿਆ। ਰਿਪੋਰਟ ਦੇ ਅਧਾਰ ’ਤੇ ਤਿੰਨ ਪੁਲਿਸ ਅਧਿਕਾਰੀ ਜਿਨ੍ਹਾਂ ਵਿੱਚ ਏ.ਐਸ.ਆਈ. ਸਤਵਿੰਦਰ ਸਿੰਘ, ਹੈੱਡਕਾਂਸਟੇਬਲ ਗੁਰਵਿੰਦਰ ਸਿੰਘ ਅਤੇ ਕਾਂਸਟੇਬਲ ਨਿਸ਼ਾਨ ਸਿੰਘ ਸ਼ਾਮਲ ਸਨ, ਸਮੇਤ ਹੋਮਗਾਰਡ ਦੇ ਜਵਾਨ ਦਰਸ਼ਨ ਸਿੰਘ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਅਤੇ ਮੌਕੇ ’ਤੇ ਕੋਈ ਕਾਰਵਾਈ ਨਾ ਕਰਨ ਦੇ ਨਤੀਜੇ ਵਜੋਂ ਡਿਊਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ।
ਐਸ.ਐਚ.ਓ. ਝਿਰਮਲ ਸਿੰਘ, ਥਾਣਾ ਕੱਚਾ ਪੱਕਾ, ਜ਼ਿਲ੍ਹਾ ਤਰਨ ਤਾਰਨ ਨੂੰ ਇਸ ਘਟਨਾ ਬਾਰੇ ਤਸੱਲੀਬਖ਼ਸ਼ ਸਪੱਸ਼ਟੀਕਰਨ ਦੇਣ ਦੇ ਮੱਦੇਨਜ਼ਰ ਪੁਲੀਸ ਲਾਈਨਜ਼ ਹਾਜ਼ਰ ਕਰ ਦਿੱਤਾ ਗਿਆ ਹੈ। ਇੱਕ ਸਰਕਾਰੀ ਬੁਲਾਰੇ ਅਨੁਸਾਰ ਸੋਸ਼ਲ ਮੀਡੀਆ ‘ਤੇ ਉਕਤ ਘਟਨਾ ਦੀਆਂ ਰਿਪੋਰਟਾਂ ’ਤੇ ਨਰਾਜ਼ਗੀ ਜਤਾਉਂਦਿਆਂ ਮੁੱਖ ਮੰਤਰੀ ਨੇ ਨਸ਼ਾ ਤਸਕਰਾਂ ਵੱਲੋਂ ਸਬ ਇੰਸਪੈਕਟਰ ਦੀ ਕੁੱਟਮਾਰ ਮੌਕੇ ਅਧਿਕਾਰੀ ਦੇ ਸਾਥੀ ਪੁਲਿਸ ਕਰਮਚਾਰੀਆਂ ਵੱਲੋਂ ਚੁੱਪ ਕੀਤੇ ਖੜ੍ਹੇ ਰਹਿਣ ਅਤੇ ਕੋਈ ਕਾਰਵਾਈ ਨਾ ਕਰਨ ਦਾ ਗੰਭੀਰ ਨੋਟਿਸ ਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਵਰਧੀਧਾਰੀ ਫੋਰਸ ਵਿੱਚ ਅਜਿਹਾ ਕਾਇਰਤਾ ਭਰਿਆ ਵਤੀਰਾ ਬਿਲਕੁਲ ਨਾ-ਮਨਜ਼ੂਰ ਹੈ ਅਤੇ ਸਮੁੱਚੀ ਪੁਲੀਸ ਫੋਰਸ ਨੂੰ ਸਖ਼ਤ ਸੰਕੇਤ ਦਿੱਤਾ ਕਿ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਅਜਿਹੀ ਕਾਇਰਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਬ ਇੰਸਪੈਕਟਰ ’ਤੇ ਹਮਲੇ ਦੇ ਮੱਦੇਨਜ਼ਰ ਹੁਣ ਤੱਕ ਪੰਜ ਵਿਅਕਤੀ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਪੁਲਿਸ ਨੇ ਇਨ੍ਹਾਂ ਸਮੇਤ ਕੁਝ ਹੋਰ 25-30 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਮਸ਼ੇਰ ਸਿੰਘ, ਗੁਰਜਿੰਦਰ ਸਿੰਘ, ਦਿਲਬਾਗ ਸਿੰਘ ਅਤੇ ਸਰਮੇਲ ਸਿੰਘ (ਸਾਰੇ ਚੋਗਾਵਾਂ ਤੋਂ) ਅਤੇ ਸ਼ੁੱਭ (ਵਾਸੀ ਤਪਿਆਲਾ) ਵਜੋਂ ਹੋਈ ਹੈ।
ਡੀ.ਜੀ.ਪੀ. ਵੱਲੋਂ ਕੱਲ੍ਹ ਆਈ.ਜੀ. ਬਾਰਡਰ ਅਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਨੂੰ ਨਸ਼ਾ ਤਸਕਰ ਅਮਨਦੀਪ ਸਿੰਘ ਅਤੇ ਉਸਦੇ ਭਰਾ ਗਗਨਦੀਪ ਸਿੰਘ ਸਮੇਤ ਸਾਰੇ ਦੋਸ਼ੀਆਂ ਵਿਰੁੱਧ ਕਰੜੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।